ਨਵੀਂ ਦਿੱਲੀ, 23 ਸਤੰਬਰ (ਉਪਮਾ ਡਾਗਾ ਪਾਰਥ)- ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਬੁੱਧਵਾਰ ਨੂੰ ਸਾਰੇ ਰਾਜਾਂ ’ਚ ਨਵੇਂ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦਾ ਐਲਾਨ ਕੀਤਾ ਹੈ। ਇਸ ਸੂਚੀ ’ਚ ਪੰਜਾਬ ਦੇ ਇੰਚਾਰਜ ਸਤੀਸ਼ ਪੂਨੀਆ ਦਾ ਵੀ ਨਾਂਅ ਸ਼ਾਮਿਲ ਹੈ ਜਿਸ ਦਾ ਐਲਾਨ 18 ਅਗਸਤ ਨੂੰ ਕੀਤਾ ਗਿਆ ਸੀ। ਹਾਲਾਂਕਿ ਬੁੱਧਵਾਰ ਨੂੰ ਜਾਰੀ ਕੀਤੀ ਸੂਚੀ ’ਚ ਪੰਜਾਬ ਦੇ ਸਹਿ-ਇੰਚਾਰਜ ਵਜੋਂ ਵੀਰੇਂਦਰ ਸਚਦੇਵਾ ਅਤੇ ਡਾ. ਅਲਕਾ ਗੁਰਜਰ ਦਾ ਨਾਂਅ ਐਲਾਨਿਆ ਗਿਆ ਹੈ। ਪਾਰਟੀ ਵਲੋਂ ਜਾਰੀ ਸੂਚੀ ਮੁਤਾਬਿਕ ਸਮ੍ਰਿਤੀ ਈਰਾਨੀ ਨੂੰ ਹਰਿਆਣਾ ਅਤੇ ਛਤੀਸਗੜ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਹਾਸ਼ੀਏ ’ਤੇ ਚੱਲ ਰਹੀ ਸਮ੍ਰਿਤੀ ਈਰਾਨੀ ਹਾਲ ’ਚ ਨਿਤਿਨ ਨਬੀਨ ਟੀਮ ਦਾ ਹਿੱਸਾ ਬਣੀ ਹੈ। ਰਾਮ ਮਾਧਵ ਨੂੰ ਤਾਮਿਲਨਾਡੂ ਅਤੇ ਉਤਰਾਖੰਡ ਤੋਂ ਵਿਨੋਦ ਤਾਵੜੇ ਨੂੰ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਜਪਾ ਵਲੋਂ 18 ਅਗਸਤ ਨੂੰ ਜਾਰੀ ਸੂਚੀ ’ਚ 3 ਰਾਜਾਂ - ਪੰਜਾਬ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਇੰਚਾਰਜ ਐਲਾਨੇ ਸਨ। ਉਸ ਸੂਚੀ ’ਚ ਈਸ਼ਵਰਭਾਈ ਪਟੇਲ ਨੂੰ ਸਹਿ-ਇੰਚਾਰਜ ਬਣਾਇਆ ਗਿਆ ਸੀ ਜਦਕਿ ਤਰੁਣ ਚੁੱਘ ਨੂੰ ਗੁਜਰਾਤ ਦਾ ਇੰਚਾਰਜ ਬਣਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਬਾਕੀ ਰਾਜਾਂ ਦੇ ਇੰਚਾਰਜਾਂ ਦੀ ਨਿਯੁਕਤੀ ਬਾਅਦ ’ਚ ਕੀਤੀ ਜਾਵੇਗੀ। ਬੁੱਧਵਾਰ ਨੂੰ ਜਾਰੀ ਸੂਚੀ ’ਚ ਉੱਤਰ ਪ੍ਰਦੇਸ਼ ਲਈ ਜਗਦੀਸ਼ ਪਟੇਲ, ਮੇਧਾ ਕੁਲਕਰਨੀ, ਡਾ. ਪ੍ਰਦੀਪ ਵਰਮਾ ਅਤੇ ਅੰਨਤ ਓਝਾ ਨੂੰ ਸਹਿ- ਇੰਚਾਰਜ ਐਲਾਨਿਆ ਗਿਆ ਹੈ। ਜਦਕਿ ਗੁਜਰਾਤ ਲਈ ਅਜੈ ਮਹਾਵਰ ਅਤੇ ਗੋਮਤੀ ਸਾਈ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ। ਵਿਨੈ ਸਹਾਸਰਾਬੁਧੇ ਨੂੰ ਦਿੱਲੀ ਦਾ ਇੰਚਾਰਜ ਅਤੇ ਜਾਮਯਾਂਗ ਤਸੇਰਿੰਗ ਨਾਮਗਯਾਲ ਤੇ ਦਰਸ਼ਨਾਬੇਨ ਜਰਦੋਸ਼ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ। ਭਾਜਪਾ ਨੇ ਸੰਜੈ ਭਾਟੀਆ ਨੂੰ ਰਾਜਸਥਾਨ ਦਾ ਇੰਚਾਰਜ ਤੇ ਕਵਿਤਾ ਪਾਟੀਦਾਰ ਅਤੇ ਕੁਲਜੀਤ ਚਹਲ ਨੂੰ ਸਹਿ-ਇੰਚਾਰਜ ਐਲਾਨਿਆ ਹੈ।
ਸਤੀਸ਼ ਪੂਨੀਆ ਨੂੰ ਮਿਲੀ ਜੰਮੂ-ਕਸ਼ਮੀਰ ਦੀ ਵੀ ਜ਼ਿੰਮੇਵਾਰੀ
ਪੰਜਾਬ ਦੇ ਇੰਚਾਰਜ ਸਤੀਸ਼ ਪੂਨੀਆ ਨੂੰ ਜੰਮੂ-ਕਸ਼ਮੀਰ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ, ਜਦਕਿ ਰੀਨਾ ਕਸ਼ਯਪ ਨੂੰ ਸਹਿ-ਇੰਚਾਰਜ ਬਣਾਇਆ ਗਿਆ। ਇਸ ਤੋਂ ਇਲਾਵਾ ਗੁਜਰਾਤ ਦੇ ਇੰਚਾਰਜ ਤਰੁਣ ਚੁੱਘ ਦੇ ਨਾਲ ਅਜੈ ਮਹਾਵਰ ਅਤੇ ਗੋਮਤੀ ਸਾਈ ਨੂੰ ਸਹਿ-ਇੰਚਾਰਜ ਬਣਾਇਆ ਗਿਆ। ਸਮ੍ਰਿਤੀ ਈਰਾਨੀ ਦੇ ਨਾਲ ਹਰਿਆਣਾ ’ਚ ਡਾ. ਭੋਲਾ ਸਿੰਘ ਅਤੇ ਛਤੀਸਗੜ੍ਹ ’ਚ ਸਿਥਾਰਥ ਸੰਭੂ ਨੂੰ ਸਹਿ-ਇੰਚਾਰਜ ਬਣਾਇਆ ਗਿਆ। ਅੰਡੇਮਾਨ ਨਿਕੋਬਾਰ ਲਈ ਜੈ ਪ੍ਰਕਾਸ਼, ਅਰੁਣਾਚਲ ਪ੍ਰਦੇਸ਼ ਲਈ ਡਾ. ਦੇਵੇਸ਼ ਕੁਮਾਰ, ਚੰਡੀਗੜ੍ਹ ਲਈ ਮਹੇਂਦਰ ਪਾਂਡੇ, ਦਾਦਰਾ ਨਗਰ ਹਵੇਲੀ, ਦਮਨ ਅਤੇ ਦੀਵ ਲਈ ਵਰਸ਼ਾਬੇਨ ਨਰੇਂਦਰਭਾਈ, ਲਦਾਖ ਲਈ ਰਾਜ ਕੁਮਾਰ ਭਾਟੀਆ, ਮਨੀਪੁਰ ਲਈ ਡਾ. ਰਾਜਦੀਪ ਰਾਏ, ਡਾ. ਭਗਵਤ ਕਰਾਡ ਨੂੰ ਮਿਜ਼ੋਰਮ, ਲਕਸ਼ਦੀਪ ਲਈ ਜਾਰਜ ਕੁਰੀਅਨ, ਸਿੱਕਿਮ ਲਈ ਰਾਜੂ ਬਿਸਤਾ ਅਤੇ ਤ੍ਰਿਪੁਰਾ ਲਈ ਮੁਗਾਕਾ ਦੇਵ, ਪੁਡੂਚੇਰੀ ਲਈ ਕੇ. ਸਰੇਂਦਰਨ ਬਰਮਨ, ਨਾਗਾਲੈਂਡ ਲਈ ਅਨਿਲ ਐਂਟਨੀ ਨੂੰ ਇੰਚਾਰਜ ਬਣਾਇਆ ਗਿਆ। ਇਸ ਤੋਂ ਇਲਾਵਾ ਸੁਨੀਲ ਬੰਸਲ ਨੂੰ ਪੱਛਮੀ ਬੰਗਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਜਦਕਿ ਉਨ੍ਹਾਂ ਦੇ ਨਾਲ ਲਾਲ ਸਿੰਘ ਆਰਿਆ, ਰਜਿੰਦਰ ਸਿੰਘ ਅਤੇ ਪਿੰਕੀ ਕੁਸ਼ਵਾਹਾ ਨੂੰ ਸਹਿ-ਇੰਚਾਰਜ ਬਣਾਇਆ ਗਿਆ। ਤੇਲੰਗਾਨਾ ਲਈ ਸੁਨੀਲ ਬੰਸਲ ਨੂੰ ਇੰਚਾਰਜ ਅਤੇ ਅਭੈ ਪਾਟਿਲ ਤੇ ਰੇਖਾ ਸ਼ਰਮਾ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ। ਮਹਾਰਾਸ਼ਟਰ ਦੀ ਜ਼ਿੰਮੇਵਾਰੀ ਬੈਜਯੰਤ ਜੈ ਪਾਂਡਾ ਨੂੰ ਦਿੱਤੀ ਗਈ, ਜਦਕਿ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਤੋਂ ਹਟਾਏ ਗਏ ਅਮਿਤ ਮਾਲਵੀਆ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸਦਾਨੰਦ ਤਨਾਵਾਡੇ, ਕਮਲਜੀਤ ਸਹਰਾਵਤ ਨੂੰ ਵੀ ਸਹਿ-ਇੰਚਾਰਜ ਬਣਾਇਆ ਗਿਆ। ਬਿਪਲਵ ਕੁਮਾਰ ਦੇਵ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਅਤੇ ਰੇਖਾ ਵਰਮਾ ਨੂੰ ਸਹਿ-ਇੰਚਾਰਜ, ਕਨਾਦ ਪੁਰਕਾਯਸਥ ਨੂੰ ਮੇਘਾਲਿਆ ਦਾ ਇੰਚਾਰਜ ਅਤੇ ਡਾ. ਨੁਮਲ ਮੋਮਿਨ ਨੂੰ ਸਹਿ-ਇੰਚਾਰਜ, ਡੀ. ਪੁਰਦੇਸ਼ਵਰੀ ਨੂੰ ਓਡੀਸ਼ਾ ਦੇ ਇੰਚਾਰਜ ਅਤੇ ਡਾ. ਸਵਦੇਸ਼ ਸਿੰਘ ਨੂੰ ਸਹਿ-ਇੰਚਾਰਜ, ਕੇਰਲਮ ਲਈ ਪ੍ਰੋ. ਐਮ. ਨਾਗਰਾਜਾ ਅਤੇ ਐਸ. ਵੇਂਕਟੇਂਸ਼ਨ ਨੂੰ ਸਹਿ-ਇੰਚਾਰਜ, ਝਾਰਖੰਡ ਲਈ ਗਜੇਂਦਰ ਪਟੇਲ ਨੂੰ ਇੰਚਾਰਜ, ਸੌਰਭ ਸਿੰਘ, ਨਿਵੇਦਿਤਾ ਸਿੰਘ ਨੂੰ ਸਹਿ-ਇੰਚਾਰਜ, ਕਰਨਾਟਕ ਲਈ ਹਰੀਸ਼ ਦਿਵੇਦੀ ਨੂੰ ਇੰਚਾਰਜ ਅਤੇ ਡਾ. ਵੇਂਕਟੇਂਸ਼ਵਰਲੂ ਨੂੰ ਸਹਿ-ਇੰਚਾਰਜ, ਗੋਆ ਲਈ ਡਾ. ਭਾਰਤੀ ਪ੍ਰਵੀਨ ਪਵਾਰ ਨੂੰ ਇੰਚਾਰਜ ਅਤੇ ਅਨਿਲ ਐਂਟਨੀ ਨੂੰ ਸਹਿ-ਇੰਚਾਰਜ ਐਲਾਨਿਆ ਗਿਆ। ਬਿਹਾਰ ਲਈ ਹਰੀਸ਼ ਦਿਵੇਦੀ ਨੂੰ ਇੰਚਾਰਜ ਤੇ ਸੰਗੀਤਾ ਯਾਦਵ ਅਤੇ ਰੋਹਨ ਗੁਪਤਾ ਨੂੰ ਸਹਿ-ਇੰਚਾਰਜ ਐਲਾਨਿਆ ਗਿਆ। ਅਸਮ ਲਈ ਮੰਗਲ ਪਾਂਡੇ ਅਤੇ ਆਂਧਰਾ ਪ੍ਰਦੇਸ਼ ਲਈ ਡਾ. ਅਰਵਿੰਦ ਭਦੋਰੀਆ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ।