01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ-ਅਮਿਤ ਸ਼ਾਹ

‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਦੀ ਸਮਾਪਤੀ ਮੌਕੇ ਜਲੰਧਰ ’ਚ ਵਿਸ਼ਾਲ ਰੈਲੀ ਜਸਪਾਲ ਸਿੰਘ, ਸ਼ਿਵ ਸ਼ਰਮਾ ਜਲੰਧਰ, 30 ਸਤੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸਮਾਪਤੀ ’ਤੇ ਭਾਜਪਾ ਵਲੋਂ ਕਰਵਾਈ ਗਈ ਵਿਸ਼ਾਲ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ...

ਅਜੀਤ ਡੈਸਕ 01-10-2026

ਜਸਪਾਲ ਸਿੰਘ, ਸ਼ਿਵ ਸ਼ਰਮਾ
ਜਲੰਧਰ, 30 ਸਤੰਬਰ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸਮਾਪਤੀ ’ਤੇ ਭਾਜਪਾ ਵਲੋਂ ਕਰਵਾਈ ਗਈ ਵਿਸ਼ਾਲ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸੂਬੇ ਦੀ ‘ਆਪ’ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਕੇਵਲ ਤੇ ਕੇਵਲ ਭਾਜਪਾ ਹੀ ਨਸ਼ਾ ਮੁਕਤ ਕਰ ਸਕਦੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਵੀ ਕੀਤਾ ਕਿ ਜੇਕਰ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਅਗਲੇ 3 ਸਾਲਾਂ ’ਚ ਹੀ 31 ਦਸੰਬਰ 2029 ਤੱਕ ਪੰਜਾਬ ’ਚੋਂ ਨਸ਼ੇ ਦਾ ਮੁਕੰਮਲ ਖਾਤਮਾ ਕਰ ਦਿੱਤਾ ਜਾਵੇਗਾ ਤੇ ਇਕ ਵੀ ਚਿੱਟੇ ਦਾ ਵਪਾਰੀ ਪੰਜਾਬ ’ਚ ਨਹੀਂ ਰਹਿਣ ਦਿੱਤਾ ਜਾਵੇਗਾ। ਅਮਿਤ ਸ਼ਾਹ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨਸ਼ਿਆਂ ਦੇ ਮੁੱਦੇ ’ਤੇ ਲੜਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਇਸ ਸਮੇਂ ਪੰਜਾਬ ’ਚ ਅਮਨ ਕਾਨੂੰਨ, ਗੈਂਗਸਟਰਵਾਦ, ਔਰਤਾਂ ਦੀ ਸੁਰੱਖਿਆ, ਕਿਸਾਨਾਂ ਤੇ ਮਜ਼ਦੂਰਾਂ ਦੇ ਅਨੇਕਾਂ ਮੁੱਦੇ ਹਨ, ਪਰ ਭਾਜਪਾ ਨਸ਼ਿਆਂ ਨੂੰ ਹੀ ਮੁੱਖ ਮੁੱਦਾ ਬਣਾ ਕੇ ਚੋਣ ਮੈਦਾਨ ’ਚ ਉਤਰੇਗੀ ਕਿਉਂਕਿ ਭਾਜਪਾ ਲਈ ਨਸ਼ਾ ਕੋਈ ਸਿਆਸੀ ਮੁੱਦਾ ਨਹੀਂ ਹੈ ਸਗੋਂ ਇਹ ਪੰਜਾਬ ਦੇ ਬਹਾਦਰ ਤੇ ਅਣਖੀ ਲੋਕਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਤੇ ਮਾਵਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੰਜਾਬ ’ਚ ਸਰਕਾਰ ਬਣਦੇ ਹੀ ਭਾਜਪਾ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਲੜੇਗੀ ਤੇ ਉਹ ਖੁਦ ਆ ਕੇ ਇਸ ਲੜਾਈ ਦਾ ਆਗਾਜ਼ ਕਰਕੇ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਜੋ ਕਹਿੰਦੀ ਹੈ ਉਹ ਕਰਕੇ ਵੀ ਦਿਖਾਉਂਦੀ ਹੈ ਤੇ 10 ਸਾਲਾਂ ਅੰਦਰ ਦੇਸ਼ ਭਰ ’ਚ ਨਸ਼ਿਆਂ ਦਾ ਵੱਡੀ ਪੱਧਰ ’ਤੇ ਸਫਾਇਆ ਕੀਤਾ ਗਿਆ ਹੈ ਤੇ ਵੱਡੀ ਗਿਣਤੀ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਵੀ ਸੁੱਟਿਆ ਹੈ ਜਦਕਿ ਪੰਜਾਬ ’ਚ ਮੌਜੂਦਾ ‘ਆਪ’ ਸਰਕਾਰ ਨੇ ਨਸ਼ਿਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ ਤੇ ਪੀ. ਆਈ. ਟੀ. ਐਨ. ਡੀ. ਪੀ. ਐਸ. ਤਹਿਤ ਇਕ ਵੀ ਨਸ਼ਾ ਤਸਕਰ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਆਦਮਪੁਰ ਹਵਾਈ ਅੱਡੇ ’ਤੇ ਉਤਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਾਂ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਨਤਮਸਤਕ ਹੋਏ ਤੇ ਬਾਅਦ ’ਚ ਪਰਾਗਪੁਰ ਵਿਖੇ ਰੈਲੀ ਵਾਲੀ ਥਾਂ ’ਤੇ ਪੁੱਜੇ, ਜਿੱਥੇ ਉਨ੍ਹਾਂ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਦੁੱਖੜੇ ਵੀ ਸੁਣੇ। ਬਾਅਦ ’ਚ ਉਨ੍ਹਾਂ ਪੰਜਾਬ ਭਾਜਪਾ ਵਲੋਂ ਨਸ਼ਿਆਂ ਖਿਲਾਫ ਕੀਤੀਆਂ ਗਈਆਂ ਚਾਰ ‘ਨਸ਼ਾ ਮੁਕਤ ਪੰਜਾਬ ਯਾਤਰਾਵਾਂ’ ਦੀ ਸਮਾਪਤੀ ’ਤੇ ਉਕਤ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਉਨ੍ਹਾਂ ਆਪਣਾ ਭਾਸ਼ਣ ਸਤਿ ਸ੍ਰੀ ਅਕਾਲ ਤੇ ਜੈ ਸ੍ਰੀ ਰਾਮ ਦੇ ਜੈਕਾਰੇ ਨਾਲ ਸ਼ੁਰੂ ਕਰਦੇ ਹੋਏ ਕਿਹਾ ਕਿ ਉਹ ਸਭ ਤੋਂ ਪਹਿਲਾਂ ਗੁਰੂਆਂ ਦੀ ਇਸ ਪਵਿੱਤਰ ਧਰਤੀ ਨੂੰ ਨਮਨ ਕਰਦੇ ਹਨ ਤੇ ਜਲੰਧਰ ਆਉਣਾ ਵੈਸੇ ਹੀ ਉਨ੍ਹਾਂ ਲਈ ਮਾਣ ਦੀ ਗੱਲ ਹੈ, ਪਰ ਨਸ਼ਾ ਮੁਕਤ ਪੰਜਾਬ ਮੁਹਿੰਮ ਸੰਬੰਧੀ ਜਲੰਧਰ ਆਉਣਾ ਹੋਰ ਵੀ ਵੱਡੇ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਦੁਆਬੇ ਦੀ ਧਰਤੀ ਮਹਾਨ ਸਿੱਖ ਗੁਰੂਆਂ ਦੀਆਂ ਕੁਰਬਾਨੀਆਂ, ਗੁਰੂ ਰਵਿਦਾਸ ਜੀ ਦੇ ਆਪਸੀ ਮੇਲ ਮਿਲਾਪ ਤੇ ਸਦਭਾਵਨਾ ਦੇ ਸੰਦੇਸ਼, ਭਗਵਾਨ ਵਾਲਮੀਕ ਦੀ ਪ੍ਰੇਰਨਾ ਤੇ ਮਾਂ ਭਗਵਤੀ ਦੇ ਆਸ਼ੀਰਵਾਦ ਦਾ ਸੁਮੇਲ ਹੈ। ਇਸ ਮੌਕੇ ਉਨ੍ਹਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ, ਤੇਜਾ ਸਿੰਘ ਸਮੁੰਦਰੀ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਨੂੰ ਯਾਦ ਕੀਤਾ ਉੱਥੇ ਹੀ ਦੇਸ਼ ਦੇ ਅੰਨ ਭੰਡਾਰ ਭਰਨ ਲਈ ਦੇਸ਼ ਦੇ ਕਿਸਾਨਾਂ ਤੇ ਦੇਸ਼ ਦੀ ਆਜ਼ਾਦੀ ਤੇ ਸੁਰੱਖਿਆ ’ਚ ਪੰਜਾਬੀਆਂ ਦੇ ਯੋਗਦਾਨ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦਾ ਯਤਨ ਕਰੇਗੀ । ਅਖੀਰ ’ਚ ਉਨ੍ਹਾਂ ਭਾਰਤ ਮਾਤਾ ਦੀ ਜੈ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਗਾਏ। 

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੰਗਿਆ ਇਕ ਮੌਕਾ
ਜਲੰਧਰ ’ਚ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਪੰਜਾਬ ਦੇ ਲੋਕਾਂ ਕੋਲੋਂ ਇਕ ਮੌਕਾ ਮੰਗਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਅਗਲੇ ਪੰਜ ਸਾਲਾਂ ਲਈ ਸਰਕਾਰ ਬਣਾਉਣ ਦਾ ਇਕ ਮੌਕਾ ਦਿੰਦੀ ਹੈ ਤਾਂ ਭਾਜਪਾ ਪੰਜਾਬ ’ਚੋਂ ਨਸ਼ਿਆਂ ਨੂੰ ਜੜ੍ਹ ਤੋਂ ਉਖਾੜ ਕੇ ਰੱਖ ਦੇਵੇਗੀ। ਉਨ੍ਹਾਂ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਕਮਲ ਦੇ ਫੁੱਲ ਦਾ ਬਟਨ ਦਬਾ ਦੇਣ ਤਾਂ ਭਾਜਪਾ ਪੰਜਾਬ ’ਚ ਇਕ ਵੀ ਨਸ਼ੇ ਦੇ ਤਸਕਰ ਨੂੰ ਨਹੀਂ ਰਹਿਣ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ, ਜਦੋਂ ਤੱਕ ਨੌਜਵਾਨ ਨਸ਼ਿਆਂ ਤੋਂ ਮੁਕਤ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ ਤੇ ਜਵਾਨੀ ਮੌਤ ਦੇ ਮੂੰਹ ’ਚ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਸ਼ਿਆਂ ਦੇ ਮੁੱਦੇ ’ਤੇ ਪਿਛਲੀ ਕਾਂਗਰਸ ਤੇ ਮੌਜੂਦਾ ‘ਆਪ’ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਰੈਲੀ ’ਚ ਸ਼ਾਮਿਲ ਲੋਕਾਂ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਕਾਂਗਰਸ ਤੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਦੇਖੀ ਹੈ? ਕੀ ਦੋਵੇਂ ਸਰਕਾਰਾਂ ਸੂਬੇ ’ਚੋਂ ਨਸ਼ੇ ਨੂੰ ਖਤਮ ਕਰ ਸਕੀਆਂ ਹਨ? ਜਿਸ ਦਾ ਜਵਾਬ ਉਨ੍ਹਾਂ ਨਾਂਹ ’ਚ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਸੁਪਰੀਮੋ ਸ਼ਰਾਬ ਘੁਟਾਲੇ ’ਚ ਜੇਲ੍ਹ ਜਾ ਚੁੱਕੇ ਹੋਣ ਉਸ ਸਰਕਾਰ ਤੋਂ ਨਸ਼ਾ ਮੁਕਤੀ ਦੀ ਉਮੀਦ ਪੂਰੀ ਤਰ੍ਹਾਂ ਨਾਲ ਬੇਮਾਇਨੇ ਹੈ ਤੇ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਹੀ ਪੰਜਾਬ ’ਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਸਕਦੀ ਹੈ। 

‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ’ਚ ਰਹੀ ਨਾਕਾਮ  
ਇਸ ਮੌਕੇ ਅਮਿਤ ਸ਼ਾਹ ਨੇ ਸੂਬੇ ਦੀ ‘ਆਪ’ ਸਰਕਾਰ ’ਤੇ ਰਾਜ ਦੇ ਲੋਕਾਂ ਨਾਲ ਵਾਅਦਾ ਖਿਲਾਫੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਵਿਧਵਾ ਪੈਨਸ਼ਨ 2500 ਰੁਪਏ ਕਰਨ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਲਾਗੂ ਨਹੀਂ ਕੀਤੀ। ਇਸੇ ਤਰ੍ਹਾਂ 16 ਮੈਡੀਕਲ ਕਾਲਜ ਬਣਾਏ ਜਾਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ ਜਦਿਕ 16 ਹਜ਼ਾਰ ਮੁਹੱਲਾ ਕਲੀਨਿਕ ਬਣਾਏ ਜਾਣ ਦਾ ਵੀ ਵਾਅਦਾ ਸੀ, ਪਰ ਬਣਾਏ ਕੇਵਲ 1200 ਹੀ। ਇਸ ਤੋਂ ਇਲਾਵਾ ਸਾਰੀਆਂ ਫਸਲਾਂ ’ਤੇ ਐਮ. ਐਸ. ਪੀ. ਦੇਣ ਦਾ ਵਾਅਦਾ ਵੀ ਕੀਤਾ ਸੀ, ਜੋ ਪੂਰਾ ਨਹੀਂ  ਹੋਇਆ ਜਦਕਿ ਹਰਿਆਣਾ ’ਚ ਭਾਜਪਾ ਸਰਕਾਰ ਵਲੋਂ ਸਾਰੀਆਂ ਫਸਲਾਂ ’ਤੇ ਐਮ. ਐਸ. ਪੀ. ਦਿੱਤੀ ਜਾ ਰਹੀ ਹੈ। ਮਾਈਨਿੰਗ ਦੀ ਆਮਦਨ ਵੀ 20 ਹਜ਼ਾਰ ਕਰੋੜ ਰੁਪਏ ਤੋਂ ਵਧਾਉਣ ਦਾ ਵਾਅਦਾ ਸੀ, ਪਰ ਇਹ ਵੀ ਘੱਟ ਗਈ ਹੈ। ’84 ਸਿੱਖ ਦੰਗਾ ਪੀੜਤਾਂ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਵੀ ਅਜੇ ਤੱਕ ਵਫਾ ਨਹੀਂ ਹੋਇਆ ਤੇ ਕਿਸੇ ਪਰਿਵਾਰ ਨੂੰ 5 ਰੁਪਏ ਤੱਕ ਨਹੀਂ ਦਿੱਤੇ ਗਏ। ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਜੇਕਰ ਹੋਰਨਾਂ ਮੁੱਦਿਆਂ ਤੇ ਗਾਰੰਟੀਆਂ ਨੂੰ ਛੱਡ ਕੇ ਪੰਜਾਬ ਨੂੰ ਕੇਵਲ ਨਸ਼ਾ ਮੁਕਤ ਹੀ ਕਰ ਦਿੱਤਾ ਹੁੰਦਾ ਤਾਂ ਵੀ ਪੰਜਾਬ ਦੇ ਲੋਕ ਤੁਹਾਨੂੰ ਮੁਆਫ ਕਰ ਦਿੰਦੇ ਪਰ ਤੁਸੀਂ ਅਜਿਹਾ ਵੀ ਨਹੀਂ ਕਰ ਸਕੇ ਤੇ ਤੁਹਾਡੇ ਰਾਜ ਅੰਦਰ ਨਸ਼ਾ 100 ਗੁਣਾ ਹੋਰ ਵਧਿਆ ਹੈ। 

ਘੁਟਾਲਿਆਂ ’ਚ ਫਸੀ ਪੰਜਾਬ ਸਰਕਾਰ
ਇਸ ਮੌਕੇ ਅਮਿਤ ਸ਼ਾਹ ਨੇ ਸੂਬੇ ਦੀ ਆਰਥਿਕ ਮੰਦਹਾਲੀ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਜਿੱਥੇ ਕਰਜ਼ੇ ਦੇ ਹੇਠ ਬੁਰੀ ਤਰ੍ਹਾਂ ਨਾਲ ਦੱਬ ਚੁੱਕਾ ਹੈ, ਉੱਥੇ ਪੰਜਾਬ ਸਰਕਾਰ ਕਈ ਘੁਟਾਲਿਆਂ ’ਚ ਘਿਰੀ ਹੋਈ ਹੈ। ਉਨ੍ਹਾਂ ਮੋਗਾ ਆਊਟਡੋਰ ਮੀਡੀਆ ਇਸ਼ਤਿਹਾਰਬਾਜ਼ੀ ਘੁਟਾਲਾ, ਅੰਮ੍ਰਿਤਸਰ ਤੇ ਜਲੰਧਰ ਸਮਾਰਟ ਸਿਟੀ ਘੁਟਾਲਾ, ਬਰਨਾਲਾ ਟਰੱਕ ਯੂਨੀਅਨ ਜ਼ਮੀਨ ਘੁਟਾਲਾ ਤੇ ਪੰਚਾਇਤ ਫੰਡ ਘੁਟਾਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਲਿਪਟੀ ਹੋਈ ਹੈ। 

ਅੱਤਵਾਦ ਤੇ ਨਕਸਲਵਾਦ ਤੋਂ ਬਾਅਦ ਹੁਣ ਪੰਜਾਬ ’ਚੋਂ ਨਸ਼ਿਆਂ ਦੇ ਖਾਤਮੇ ਦੀ ਵਾਰੀ
ਅਮਿਤ ਸ਼ਾਹ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਨੇ ਕਸ਼ਮੀਰ ’ਚੋਂ ਤੇ ਉੱਤਰ ਪੂਰਬ ’ਚੋਂ ਅੱਤਵਾਦ ਦੇ ਸਫਾਏ ਦੇ ਨਾਲ-ਨਾਲ ਨਕਸਲਵਾਦ ਨੂੰ ਵੀ ਖਤਮ ਕੀਤਾ ਹੈ ਤੇ ਹੁਣ ਪੰਜਾਬ ’ਚ ਨਸ਼ਿਆਂ ਦੇ ਖਾਤਮੇ ਦੀ ਵਾਰੀ ਹੈ। ਇਸ ਮੌਕੇ ਉਨ੍ਹਾਂ ਅੰਕੜਿਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਸਾਲ 2004 ਤੋਂ ਲੈ ਕੇ 2014 ਤੱਕ ਕੇਂਦਰ ’ਚ ਕਾਂਗਰਸ ਦੀ ਸਰਕਾਰ ਸਮੇਂ 26 ਲੱਖ ਕਿਲੋ ਨਸ਼ਾ ਫੜਿਆ ਗਿਆ ਸੀ ਜਦਕਿ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਹੁਣ ਤੱਕ 1.20 ਕਰੋੜ ਕਿਲੋ ਡਰੱਗ ਜ਼ਬਤ ਕਰ ਚੁੱਕੀ ਹੈ ਤੇ ਜੇਕਰ ਪੰਜਾਬ ਦੇ ਲੋਕ ਵੀ ਉਨ੍ਹਾਂ ਨੂੰ ਮੌਕਾ ਦਿੰਦੇ ਹਨ ਤਾਂ ਉਹ ਪੰਜਾਬ ’ਚੋਂ ਵੀ ਨਸ਼ਾ ਖਤਮ ਕਰ ਦੇਣਗੇ।

ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਕੀਤਾ ਸਿਜਦਾ
ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਰਬੰਸਦਾਨੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦਿੱਤਾ ਜਦਕਿ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਹਿੰਦੂਆਂ ਨੂੰ ਬਚਾਉਣ ਲਈ ਦਿੱਤੀ ਗਈ ਕੁਰਬਾਨੀ ਦੀ ਮਿਸਾਲ ਦੁਨੀਆਂ ’ਚ ਕਿਧਰੇ ਨਹੀਂ ਮਿਲਦੀ ਤੇ ਅੱਜ ਵੀ ਜਦੋਂ ਬੋਲੇ ਸੋ ਨਿਹਾਲ ਦਾ ਜੈਕਾਰ ਗੂੰਜਦਾ ਹੈ ਤਾਂ ਇਕ ਵੱਖਰੇ ਤਰ੍ਹਾਂ ਦਾ ਜੋਸ਼ ਉਬਾਲੇ ਖਾਣ ਲਗਦਾ ਹੈ, ਪਰ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਗੁਰੂਆਂ ਦੀ ਇਸ ਧਰਤੀ ਦਾ ਰੰਗ ਚਿੱਟਾ ਕਰ ਦਿੱਤਾ ਗਿਆ ਹੈ। 

ਨਸ਼ਾ ਮੁਕਤ ਯਾਤਰਾਵਾਂ ਨੇ ਸੂਬੇ ਦੀ ਅਸਲੀਅਤ ਸਾਹਮਣੇ ਲਿਆਂਦੀ-ਅਸ਼ਵਨੀ ਸ਼ਰਮਾ
ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਹੀ ਸੂਬੇ ਦੇ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਨਸ਼ਾ ਮੁਕਤ ਯਾਤਰਾਵਾਂ ਕੱਢੀਆ ਤੇ ਇਨ੍ਹਾਂ ਯਾਤਰਾਵਾਂ ਨੂੰ ਭਰਵਾਂ ਹੁੰਗਾਰਾ ਦੱਸਦਾ ਹੈ ਕਿ ਸੂਬੇ ਦੇ ਲੋਕ ਚਾਹੁੰਦੇ ਹਨ ਕਿ ਸੂਬੇ ਨੂੰ ਸਿਰਫ ਭਾਜਪਾ ਦੀ ਸਰਕਾਰ ਹੀ ਨਸ਼ਾ ਮੁਕਤ ਕਰਵਾ ਸਕਦੀ ਹੈ। 

‘ਆਪ’ ਸਰਕਾਰ ਦੇ ਕਾਰਜਕਾਲ ’ਚ ਵਧੇ ਨਸ਼ਿਆਂ ਦੇ ਮਾਮਲੇ-ਕਾਲੀਆ
ਸਾਬਕਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਹੈ ਕਿ ਜਿਹ਼ੜੀ ‘ਆਪ’ ਸਰਕਾਰ 2022 ’ਚ ਨਸ਼ਿਆਂ ਨੂੰ ਕੁਝ ਮਹੀਨੇ ’ਚ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ’ਚ ਆਈ ਸੀ। ਉਹ ਨਸ਼ੇ ਤਾਂ ਖਤਮ ਨਹੀਂ ਕਰ ਸਕੀ ਬਲਕਿ ਸੂਬੇ ’ਚ ਕਈ ਗੁਣਾ ਨਸ਼ਾ ਵਧ ਗਿਆ ਹੈ ਜਿਹੜਾ ਕਿ ਸੂਬੇ ਦੀ ਮੁੱਖ ਸਮੱਸਿਆ ਬਣ ਗਿਆ ਹੈ। ਇਸ ਮੌਕੇ ਮੰਚ ਸੰਚਾਲਨ ਰਾਜੇਸ਼ ਬਾਘਾ ਤੇ ਪਰਮਿੰਦਰ ਸਿੰਘ ਬਰਾੜ ਨੇ ਕੀਤਾ।

ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਮਾਵਾਂ ਦਾ ਦੁੱਖ ਸੁਣ ਹੋਏ ਭਾਵੁਕ
ਅਮਿਤ ਸ਼ਾਹ ਨੇ ਕਿਹਾ ਕਿ ਅੱਜ ਉਹ ਨਸ਼ਾ ਪੀੜਤ ਪਰਿਵਾਰਾਂ ਨੂੰ ਮਿਲੇ ਹਨ ਤੇ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਮਾਵਾਂ ਤੇ ਭੈਣਾਂ ਦਾ ਦੁੱਖ ਦੇਖ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਇਕ ਮਾਂ ਨੇ ਉਨ੍ਹਾਂ ਨੂੰ ਕਿਹਾ ਕਿ ਨਸ਼ੇ ਨਾਲ ਉਸ ਦੇ ਦੋ ਪੁੱਤ ਮਰ ਚੁੱਕੇ ਹਨ, ਪਰ ਉਹ ਚਾਹੁੰਦੀ ਹੈ ਕਿ ਹੋਰਨਾਂ ਦੇ ਪੁੱਤਾਂ ਨੂੰ ਹੀ ਬਚਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀਆਂ ਮਾਂਵਾਂ ਤੇ ਨੌਜਵਾਨ ਉਨ੍ਹਾਂ ਨੂੰ ਮੌਕਾ ਦੇਣ ਤਾਂ ਉਹ ਪੰਜਾਬ ’ਚੋਂ ਚਿੱਟਾ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਣਗੇ। 

ਸੱਤਾ ’ਚ ਆਉਣ ’ਤੇ ਪੰਜਾਬ ਨੂੰ ਦੁਬਾਰਾ ਨੰਬਰ ਇਕ ਸੂਬਾ ਬਣਾਏਗੀ ਭਾਜਪਾ-ਕੇਵਲ ਸਿੰਘ ਢਿੱਲੋਂ
ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਸ਼ਿਆਂ ਦੇ ਮੁੱਦੇ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ’ਚ ਨਸ਼ੇ ਤਾਂ ਖਤਮ ਹੋਏ ਨਹੀਂ ਬਲਕਿ ਇਹ ਗੈਰ-ਕਾਨੂੰਨੀ ਕਾਰੋਬਾਰ ਹੋਰ ਵੀ ਕਈ ਗੁਣਾ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹੁਣ ਭਾਜਪਾ ’ਤੇ ਹੀ ਆਸਾਂ ਹਨ ਕਿ ਉਹ ਸੂਬੇ ’ਚ ਨਸ਼ੇ ਨੂੰ ਖਤਮ ਕਰ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਦੀ ਅਗਵਾਈ ’ਚ ਕੇਂਦਰ ਸਰਕਾਰ ਨੇ ਕਈ ਇਤਿਹਾਸਕ ਕੰਮ ਕੀਤੇ ਹਨ ਤੇ ਹੁਣ ਲੋਕ ਸੂਬੇ ’ਚ ਭਾਜਪਾ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਲੋਕ ਭਾਜਪਾ ਸਰਕਾਰਾਂ ਵਾਲੇ ਰਾਜਾਂ ਵੱਲ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਨਾਲ ਨਾ ਸਿਰਫ ਉਥੇ ਕਾਨੂੰਨ ਵਿਵਸਥਾ ਦਾ ਰਾਜ ਸਥਾਪਿਤ ਕੀਤਾ ਗਿਆ ਹੈ ਸਗੋਂ ਉਥੇ ਲਗਾਤਾਰ ਤਰੱਕੀ ਹੋ ਰਹੀ ਹੈ। ਇੰਡਸਟਰੀ ਵਿਚ ਭਾਰੀ ਨਿਵੇਸ਼ ਹੋ ਰਿਹਾ ਹੈ। ਕੇਵਲ ਸਿੰਘ ਢਿੱਲੋਂ ਨੇ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਸੱਤਾ ਵਿਚ ਭਾਜਪਾ ਦੇ ਆਉਣ ’ਤੇ ਪੰਜਾਬ ਨੂੰ ਦੁਬਾਰਾ ਨੰਬਰ ਇਕ ਸੂਬਾ ਬਣਾਉਣ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਸ਼ਿਆਂ ਖਿਲਾਫ ਕੱਢੀਆਂ ਗਈਆਂ ਯਾਤਰਾਵਾਂ ਨੂੰ ਕਾਮਯਾਬ ਕਰਨ ਲਈ ਭਾਜਪਾ ਵਰਕਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ’ਚ ਪਾਰਟੀ ਦੇ ਦੋ ਵਰਕਰਾਂ ਦੀ ਜਾਨ ਚਲੀ ਗਈ ਸੀ ਤੇ ਇਸ ਤੋਂ ਇਲਾਵਾ ਅੱਜ ਦੀ ਰੈਲੀ ’ਚ ਵੀ ਇਕ ਵਰਕਰ ਰਜਨੀਸ਼ ਸਹਿਗਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜਿਨ੍ਹਾਂ ਨੂੰ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ।

ਕੌਣ-ਕੌਣ ਰਹੇ ਹਾਜ਼ਰ
ਜਦਕਿ ਰੈਲੀ ’ਚ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ, ਇਕਬਾਲ ਸਿੰਘ ਲਾਲਪੁਰਾ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਵਿਜੇ ਸਾਂਪਲਾ, ਰਵਨੀਤ ਸਿੰਘ ਬਿੱਟੂ, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸੰਸਦ ਮੈਂਬਰ ਤਰੁਣ ਚੁੱਘ, ਰਾਘਵ ਚੱਢਾ, ਡਾ. ਅਸ਼ੋਕ ਮਿੱਤਲ, ਸਤਨਾਮ ਸਿੰਘ ਸੰਧੂ, ਵਿਕਰਮਜੀਤ ਸਿੰਘ ਸਾਹਨੀ, ਕ੍ਰਿਕਟਰ ਹਰਭਜਨ ਸਿੰਘ, ਰਜਿੰਦਰ ਗੁਪਤਾ, ਸੰਦੀਪ ਪਾਠਕ, ਤੇਜਿੰਦਰ ਸਿੰਘ ਬਿੱਟੂ, ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੁੰਨੀਆ, ਕੌਮੀ ਬੁਲਾਰਾ ਜੈਵੀਰ ਸਿੰਘ ਸ਼ੇਰਗਿੱਲ, ਵਿਨੀਤ ਜੋਸ਼ੀ, ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸ਼ਵੇਤ ਮਲਿਕ, ਮਹਾਰਾਣੀ ਪ੍ਰਨੀਤ ਕੌਰ, ਜੈ ਇੰਦਰ ਕੌਰ, ਸੁਸ਼ੀਲ ਰਿੰਕੂ, ਸਾਬਕਾ ਭਾਜਪਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ, ਸੰਦੀਪ ਜਾਖੜ, ਜੰਗੀ ਲਾਲ ਮਹਾਜਨ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮਨਪ੍ਰੀਤ ਸਿੰਘ ਬਾਦਲ, ਸੁਰਜੀਤ ਜਿਆਣੀ, ਰਵੀਕਿਰਨ ਸਿੰਘ ਕਾਹਲੋਂ, ਜੈਵੀਰ ਸਿੰਘ ਸ਼ੇਰਗਿੱਲ, ਪ੍ਰਿਤਪਾਲ ਸਿੰਘ ਬਲੀਏਵਾਲ, ਅਮਨਜੋਤ ਕੌਰ ਰਾਮੂੁਵਾਲੀਆ, ਸਾਬਕਾ ਮੰਤਰੀ ਤੀਕਸ਼ਨ ਸੂਦ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਅਵਿਨਾਸ਼ ਚੰਦਰ ਕਲੇਰ, ਜਗਬੀਰ ਸਿੰਘ ਬਰਾੜ, ਦਿਨੇਸ਼ ਬੱਬੂ, ਇੰਦਰ ਇਕਬਾਲ ਸਿੰਘ ਅਟਵਾਲ, ਪਰਮਜੀਤ ਸਿੰਘ ਗਿੱਲ, ਬਿਕਮਰਜੀਤ ਸਿੰਘ ਚੀਮਾ, ਅਸ਼ਵਨੀ ਸੇਖੜੀ, ਕਿ੍ਸ਼ਨ ਦੇਵ ਭੰਡਾਰੀ, ਗੌਤਮ ਕਪੂਰ, ਚਰਨਜੀਤ ਸਿੰਘ ਬਰਾੜ, ਮੀਨੂੰ ਸੇਠੀ, ਅਮਰਜੀਤ ਸਿੰਘ ਅਮਰੀ, ਮਨਜੀਤ ਸਿੰਘ ਰਾਏ, ਅਸ਼ੋਕ ਸਰੀਨ ਹਿੱਕੀ, ਦਿਆਲ ਸਿੰਘ ਸੋਢੀ, ਅਮਰਜੀਤ ਸਿੰਘ ਟਿੱਕਾ, ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਅਮਿਤ ਭਾਟੀਆ ਸਮੇਤ ਹੋਰ ਆਗੂ ਤੇ ਵਰਕਰ ਮੌਜੂੁਦ ਸਨ।

ਅਮਿਤ ਸ਼ਾਹ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਹੋਏ ਨਤਮਸਤਕ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਜਲੰਧਰ ਦੌਰੇ ਦੌਰਾਨ ਪ੍ਰਸਿੱਧ ਇਤਿਹਾਸਕ ਧਾਰਮਿਕ ਸਥਾਨ ਸਿੱਧ ਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਮਾਂ ਸ਼ੇਰਾਂ ਵਾਲੀ ਦੇ ਦਰਬਾਰ ਵਿਚ ਮੱਥਾ ਟੇਕ ਕੇ ਪੂਜਾ-ਅਰਚਨਾ ਕੀਤੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਮਾਤਾ ਤ੍ਰਿਪੁਰਮਲਾਣੀ ਮੰਦਿਰ ਵਿਚ ਜਾ ਕੇ ਵੀ ਮੱਥਾ ਟੇਕਿਆ। ਗ੍ਰਹਿ ਮੰਤਰੀ ਕਰੀਬ 20 ਤੋਂ 25 ਮਿੰਟ ਤੱਕ ਮੰਦਰ ’ਚ ਰਹੇ। ਇਸ ਮੌਕੇ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਿਜ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਤੇ ਹੋਰ ਲੋਕ ਮੌਜੂਦ ਸਨ। ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂਂ, ਦੈਨਿਕ ਸਵੇਰਾ ਦੇ ਸੰਯੁਕਤ ਸੰਪਾਦਕ ਅਭੀਸ਼ੇਕ ਵਿਜ, ਸਾਬਕਾ ਵਿਧਾਇਕ ਕਿ੍ਸ਼ਨ ਦੇਵ ਭੰਡਾਰੀ, ਰਾਜੇਸ਼ ਵਿੱਜ, ਲਲਿਤ ਗੁਪਤਾ, ਪਵਿੰੰਦਰ ਬਹਿਲ ਤੇ ਹੋਰ ਹਾਜ਼ਰ ਸਨ।

ਸੂਬੇ ’ਚ ਭਾਜਪਾ ਸਰਕਾਰ ਹੀ ਨਸ਼ੇ ਖਤਮ ਕਰਨ ’ਚ ਸਮਰੱਥ-ਸੁਨੀਲ ਜਾਖੜ
ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ਿਆਂ ਕਰਕੇ ਸੂਬੇ ’ਚ ਨਾ ਸਿਰਫ ਕਈ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ ਸਗੋਂ ਕਾਨੂੰਨ ਵਿਵਸਥਾ ਵੀ ਪ੍ਰਭਾਵਿਤ ਹੋਈ ਹੈ। ਭਾਜਪਾ ਨੇ ਨਸ਼ਿਆਂ ਖਿਲਾਫ ਜਿਹੜੀਆਂ ਚਾਰ ਯਾਤਰਾਵਾਂ ਕੱਢੀਆਂ, ਉਨ੍ਹਾਂ ਲੋਕਾਂ ਨੂੰ ਜਾਗਰੂਕ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਦਾ ਦੁੱਖ ਵੀ ਵੰਡਾਇਆ ਹੈ। 

 

ਅਗਲੀ ਖ਼ਬਰ ਰਾਜਾ ਵੜਿੰਗ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ * ਨਵੇਂ ਪ੍ਰਧਾਨ ਦਾ ਐਲਾਨ ਇਕ-ਦੋ ਦਿਨਾਂ ’ਚ ਸੰਭਵ * ਵਿਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।