ਨਵੀਂ ਦਿੱਲੀ, 1 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਕਿਹਾ ਕਿ ਉਹ ਕੈਪਟਨ ਸਮਿਤ ਮੱਛਾਰ ਦੀ ਸਿਹਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਭਾਰਤੀ ਨਾਗਰਿਕ ਅਤੇ ‘ਫਲਾਈ-ਦੁਬਈ’ ਦੀ ਉਡਾਣ ਐਫਜ਼ੈਡ 1073 ਦੇ ਬਹਾਦਰ ਪਾਇਲਟ, ਕੈਪਟਨ ਸਮਿਤ ਮੱਛਾਰ ਦੀ ਸਿਹਤ ਸਥਿਤੀ ’ਤੇ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੇ ਹਾਂ। ਮੰਤਰਾਲੇ ਨੇ ਕਿਹਾ ਕਿ ਸਾਊਦੀ ਅਰਬ ਦੇ ਤਬੁਕ ’ਚ ਇਕ ਹਸਪਤਾਲ ’ਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ, ਉਨ੍ਹਾਂ ਨੂੰ ਹੁਣ ਅਗਲੇ ਇਲਾਜ ਤੇ ਸਿਹਤਯਾਬੀ ਲਈ ਅਬੂ ਧਾਬੀ ਤਬਦੀਲ ਕਰ ਦਿੱਤਾ ਗਿਆ ਹੈ। ਬਿਆਨ ’ਚ ਕਿਹਾ ਗਿਆ ਕਿ ਅਬੂ ਧਾਬੀ ’ਚ ਸਾਡਾ ਦੂਤਘਰ ਅਤੇ ਦੁਬਈ ’ਚ ਕੌਂਸਲੇਟ ਇਸ ਮਾਮਲੇ ’ਚ ਸਥਾਨਕ ਅਧਿਕਾਰੀਆਂ ਦੇ ਲਗਾਤਾਰ ਸੰਪਰਕ ’ਚ ਹਨ। ਅਸੀਂ ਇਕ ਵਾਰ ਫਿਰ ਕੈਪਟਨ ਸਮਿਤ ਮੱਛਾਰ ਦੀ ਬਹਾਦਰੀ ਅਤੇ ਹਿੰਮਤ ਨੂੰ ਸਲਾਮ ਕਰਦੇ ਹਾਂ।
ਦੁਬਈ, (ਪੀ.ਟੀ.ਆਈ.)-ਯੂ.ਏ.ਈ. ’ਚ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਸਮਿਤ ਮੱਛਾਰ ਨੂੰ ਮਿਲ ਕੇ “ਬਹੁਤ ਤਸੱਲੀ” ਹੋਈ। ਹੁਣ ਉਨ੍ਹਾਂ ਦੀ ਸਿਹਤ ਚੰਗੀ ਹੈ ਅਤੇ ਤੇਜ਼ੀ ਨਾਲ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਯੂ.ਏ.ਈ. ਸਰਕਾਰ ਦਾ ਉਨ੍ਹਾਂ ਦੇ ਸਹਿਯੋਗ ਅਤੇ ਦਿੱਤੀ ਜਾ ਰਹੀ ਡਾਕਟਰੀ ਦੇਖਭਾਲ ਲਈ ਧੰਨਵਾਦ ਕਰਦੇ ਹਨ। ਇਸ ਤੋਂ ਪਹਿਲਾਂ ਉਹ ਪਾਇਲਟ ਦੇ ਪਰਿਵਾਰ ਨੂੰ ਮਿਲੇ ਅਤੇ ਇਸ “ਭਾਰਤੀ ਨਾਇਕ” ਦੀ ਭਲਾਈ ਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।