02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੰਜਾਬ ਸਰਕਾਰ ਨੇ ਔਰਤਾਂ ਦੇ ਖ਼ਾਤਿਆਂ ’ਚ ਪਾਈ ਇਕ ਵਾਰ ਫਿਰ ਸਨਮਾਨ ਰਾਸ਼ੀ

ਹੋਰ ਪਾਰਟੀ ਦੀ ਕੋਈ ਸਰਕਾਰ ਆਈ ਤਾਂ ਔਰਤਾਂ ਨੂੰ ਮਹੀਨਾਵਾਰ ਸਹਾਇਤਾ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਯਾਤਰਾ ਬੰਦ ਹੋ ਜਾਵੇਗੀ-ਭਗਵੰਤ ਮਾਨ ਗੋਇੰਦਵਾਲ ਸਾਹਿਬ (ਤਰਨ ਤਾਰਨ), 1 ਅਕਤੂਬਰ (ਹਰਿੰਦਰ ਸਿੰਘ, ਸਕੱਤਰ ਸਿੰਘ ਅਟਵਾਲ)–ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਜੇਕਰ ਪੰਜਾਬ ਦੀ ਸੱਤਾ ’ਤੇ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਪਾਰਟੀ ਕਾਬਜ਼ ਹੁੰਦੀ ਹੈ ਤਾਂ ..

ਅਜੀਤ ਡੈਸਕ 02-10-2026

ਗੋਇੰਦਵਾਲ ਸਾਹਿਬ (ਤਰਨ ਤਾਰਨ), 1 ਅਕਤੂਬਰ (ਹਰਿੰਦਰ ਸਿੰਘ, ਸਕੱਤਰ ਸਿੰਘ ਅਟਵਾਲ)–ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਜੇਕਰ ਪੰਜਾਬ ਦੀ ਸੱਤਾ ’ਤੇ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਪਾਰਟੀ ਕਾਬਜ਼ ਹੁੰਦੀ ਹੈ ਤਾਂ ਔਰਤਾਂ ਨੂੰ ਦਿੱਤੀ ਜਾਂਦੀ ਮਹੀਨਾਵਾਰ ਸਹਾਇਤਾ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਯੋਜਨਾ ਬੰਦ ਹੋ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਔਰਤਾਂ ਦੇ ਖ਼ਾਤਿਆਂ ਵਿਚ ਸਨਮਾਨ ਰਾਸ਼ੀ ਪਾ ਕੇ ਆਪਣਾ ਆਖ਼ਰੀ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੋਇੰਦਵਾਲ ਸਾਹਿਬ ਵਿਖੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਸੰਬੰਧੀ ਕੀਤੇ ਗਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਵਿਖੇ ਹੋਏ ਇਤਿਹਾਸਕ ਇਕੱਠ ਨੇ ‘ਆਪ’ ਦੀ ਸਰਕਾਰ ਵਲੋਂ ਪਿਛਲੇ ਸਾਢੇ ਚਾਰ ਸਾਲ ਦੇ ਕੀਤੇ ਕੰਮਾਂ ਉਪਰ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਦੀ ਸਰਕਾਰ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਵਿਚ ਲਗਾ ਰਹੀ ਹੈ ਅਤੇ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਹੈ, ਮੋਬਾਈਲ ਉਪਰ ਪੈਸਿਆਂ ਦੇ ਸੁਨੇਹੇ ਔਰਤਾਂ ਦੇ ਮੋਬਾਈਲ ਫੋਨਾਂ ਤੱਕ ਪਹੁੰਚਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ 1 ਅਕਤੂਬਰ ਨੂੰ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ 3000 ਤੋਂ 4500 ਰੁਪਏ ਸਿੱਧੇ ਮਾਵਾਂ ਅਤੇ ਭੈਣਾਂ ਦੇ ਖਾਤਿਆਂ ਵਿਚ ਤਬਦੀਲ ਕੀਤੇ ਗਏ। ਉਨ੍ਹਾਂ ਸਿੱਖ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਪ੍ਰਤੀ ਦਿਲੋਂ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਨੂੰ ਖਤਮ ਕੀਤਾ ਅਤੇ ਲੰਗਰ ਦੀ ਸੰਸਥਾ ਨੂੰ ਮਜ਼ਬੂਤ ਕੀਤਾ, ਜਿਸ ਵਿਚ ਮਾਤਾ ਖੀਵੀ ਜੀ ਨੇ ਨਿੱਜੀ ਤੌਰ ’ਤੇ ਸੇਵਾ ਕੀਤੀ ਸੀ। ਇਸ ਲਈ ਅਸੀਂ ਇਸ ਇਤਿਹਾਸਕ ਧਰਤੀ ਨੂੰ ਇਸ ਯੋਜਨਾ ਲਈ ਚੁਣਿਆ। ਮੁੱਖ ਮੰਤਰੀ ਨੇ ਕਿਹਾ ਕਿ ਅਕਤੂਬਰ, ਨਵੰਬਰ ਅਤੇ ਦਸੰਬਰ ਮਹੀਨੇ ਦੀ  ਦੂਜੀ ਕਿਸ਼ਤ ਪੰਜਾਬ ਦੀਆਂ ਮਾਵਾਂ ਅਤੇ ਧੀਆਂ ਲਈ ਜਾਰੀ ਕੀਤੀ ਜਾ ਰਹੀ ਹੈ ਅਤੇ 1262.54 ਕਰੋੜ ਰੁਪਏ ਸਿੱਧੇ 36.87 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿਚ ਤਬਦੀਲ ਕੀਤੇ ਜਾ ਰਹੇ ਹਨ। ਅੱਜ ਹਰੇਕ ਔਰਤ ਨੂੰ ਤਿੰਨ ਮਹੀਨਿਆਂ ਦੀ ਕਿਸ਼ਤ ਮਿਲ ਰਹੀ ਹੈ। ਇਸ ਤੋਂ ਪਹਿਲਾਂ 73.99 ਲੱਖ ਔਰਤਾਂ ਨੂੰ ਸਤਿਕਾਰ ਰਾਸ਼ੀ ਦੇ ਰੂਪ ਵਿਚ 2562.33 ਕਰੋੜ ਰੁਪਏ ਪਹਿਲਾਂ ਹੀ ਵੰਡੇ ਜਾ ਚੁੱਕੇ ਸਨ। ਅੱਜ ਦੀ ਵੰਡ ਦੇ ਨਾਲ ਕੁੱਲ 3824.87 ਕਰੋੜ ਰੁਪਏ ਹੁਣ ਸਤਿਕਾਰ ਰਾਸ਼ੀ ਦੇ ਰੂਪ ਵਿਚ ਔਰਤਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਤਬਦੀਲ ਕੀਤੇ ਗਏ ਹਨ। ਪੰਜਾਬ ਦੀਆਂ 97 ਫ਼ੀਸਦੀ ਔਰਤਾਂ ਇਸ ਯੋਜਨਾ ਤੋਂ ਲਾਭ ਲੈਣ ਦੇ ਯੋਗ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਔਰਤਾਂ ਨੂੰ ਰਜਿਸਟਰ ਕਰਨ ਵਿਚ 1.37 ਲੱਖ ਸਤਕਾਰ ਸਖੀਆਂ ਨੇ ਵੱਡਾ ਯੋਗਦਾਨ ਪਾਇਆ ਅਤੇ ਉਨ੍ਹਾਂ ਨੂੰ 51 ਕਰੋੜ ਰੁਪਏ ਤੋਂ ਵੱਧ ਪਹਿਲਾਂ ਹੀ ਪ੍ਰੋਤਸਾਹਨ ਵਜੋਂ ਵੰਡੇ ਜਾ ਚੁੱਕੇ ਹਨ ਅਤੇ  ਰਜਿਸਟ੍ਰੇਸ਼ਨਾਂ ਦੀ ਸਹੂਲਤ ਵਿਚ ਲੱਗੀਆਂ ਆਂਗਣਵਾੜੀ ਵਰਕਰਾਂ ਨੂੰ 25 ਕਰੋੜ ਦਾ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਕਿਹਾ ਭਾਵੇਂ ਵਿਕਾਸ ਕਾਰਜ ਹੋਣ, ਖੇਤਾਂ ਵਿਚ ਕੰਮ ਕਰਨ, ਸੜਕਾਂ ਬਣਾਉਣ, 14000 ਕਿਲੋਮੀਟਰ ਪਾਈਪਲਾਈਨਾਂ ਵਿਛਾਉਣ ਜਾਂ 70,000 ਤੋਂ ਵੱਧ ਨੌਕਰੀਆਂ ਪ੍ਰਦਾਨ ਕਰਨ, ਸਾਡੀ ਸਰਕਾਰ ਜਨਤਾ ਦੇ ਪੈਸੇ ਦੀ ਲੋਕ ਭਲਾਈ ਲਈ ਸਮਝਦਾਰੀ ਨਾਲ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਦੁਬਾਰਾ ਸਰਕਾਰ ਆਉਣ ’ਤੇ 2027 ਤੋਂ 2032 ਤੱਕ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ। ਅਸੀਂ ਯੂ.ਪੀ.ਐਸ.ਸੀ. ਦੀ ਤਿਆਰੀ ਲਈ ਨਵੇਂ ਕੇਂਦਰ ਖੋਲ੍ਹਾਂਗੇ, ਤਾਂ ਜੋ ਸੂਬੇ ਦੇ ਬੱਚੇ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਬਣ ਸਕਣ।  ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਮੁੱਖ ਮੰਤਰੀ ਅਤੇ ਹੋਰਨਾਂ ਦਾ ਇਸ ਸਮਾਗਮ ਵਿਚ ਪਹੁੰਚਣ ’ਤੇ ਸਵਾਗਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਹੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰ ਸਕਦੀ ਹੈ, ਜੋ ਉਨ੍ਹਾਂ ਨੇ ਕਰ ਦਿਖਾਇਆ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਵਿਧਾਇਕ ਸਰਵਣ ਸਿੰਘ ਧੁੰਨ, ਵਿਧਾਇਕ ਹਰਮੀਤ ਸਿੰਘ ਸੰਧੂ, ਵਿਧਾਇਕਾ ਅਮਨਦੀਪ ਕੌਰ ਮੋਗਾ, ਵਿਧਾਇਕ ਦਲਬੀਰ ਸਿੰਘ ਟੌਂਗ, ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ, ਚੇਅ. ਰਣਜੀਤ ਸਿੰਘ ਚੀਮਾ, ਚੇਅ. ਗੁਰਦੇਵ ਸਿੰਘ ਲਾਖਣਾ, ਹਲਕਾ ਪੱਟੀ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ, ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਚੇਅ.ਅੰਗਦਦੀਪ ਸਿੰਘ ਸੋਹਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਮੌਜੂਦ ਸਨ।

ਪਿਛਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ ’ਤੇ ਮੁੜ ਹਵਾਈ ਹਮਲੇ-9 ਮੌਤਾਂ ਅਗਲੀ ਖ਼ਬਰ ਕੇਂਦਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਸਤਾਵਿਤ ਜਪਾਨ ਦੌਰੇ ਨੂੰ ਨਹੀਂ ਦਿੱਤੀ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।