03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮੁੱਖ ਮੰਤਰੀ ਨੇ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਨੂੰ ਲਿਖਿਆ ਪੱਤਰ ਸਟੋਰੇਜ ਲਈ ਜਗ੍ਹਾ ਦੀ ਘਾਟ ਕਾਰਨ ਮੰਡੀਆਂ ’ਚ ਖੱਜਲ-ਖੁਆਰ ਨਾ ਹੋਣ ਕਿਸਾਨ-ਭਗਵੰਤ ਮਾਨ

ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ’ਚੋਂ ਅਨਾਜ ਦਾ ਸਟਾਕ ਤੁਰੰਤ ਖਾਲੀ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ...

ਅਜੀਤ ਡੈਸਕ 03-10-2026

ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ’ਚੋਂ ਅਨਾਜ ਦਾ ਸਟਾਕ ਤੁਰੰਤ ਖਾਲੀ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਚੱਜੀ ਖਰੀਦ ਯਕੀਨੀ ਬਣਾਉਣ ਤੇ ਮੰਡੀਆਂ ’ਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਭੰਡਾਰਨ ਲਈ ਢੁੱਕਵੀਂ ਜਗ੍ਹਾ ਯਕੀਨੀ ਬਣਾਉਣੀ ਲਾਜ਼ਮੀ ਹੈ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਲਿਖੇ ਪੱਤਰ ’ਚ ਮੁੱਖ ਮੰਤਰੀ ਨੇ 10 ਅਕਤੂਬਰ ਤੱਕ 6 ਲੱਖ ਮੀਟ੍ਰਿਕ ਟਨ ਚੌਲ ਤੇ ਅਕਤੂਬਰ ਮਹੀਨੇ ਦੌਰਾਨ 15 ਲੱਖ ਮੀਟ੍ਰਿਕ ਟਨ ਕਣਕ ਦੀ ਤੁਰੰਤ ਲਿਫਟਿੰਗ ਦੀ ਮੰਗ ਕੀਤੀ ਹੈ। ਉਨ੍ਹਾਂ ਧਿਆਨ ਦਿਵਾਇਆ ਕਿ ਲਗਭਗ 40 ਲੱਖ ਮੀਟ੍ਰਿਕ ਟਨ ਕਣਕ ਦਾ ਸਟਾਕ ਰਾਈਸ ਮਿੱਲਾਂ ਤੇ ਮੰਡੀਆਂ ਦੇ ਫੜ੍ਹਾਂ (ਯਾਰਡਾਂ) ’ਚ ਜਗ੍ਹਾ ਘੇਰੀ ਬੈਠਾ ਹੈ, ਜਿਸ ’ਚੋਂ ਲਗਭਗ 17 ਲੱਖ ਮੀਟ੍ਰਿਕ ਟਨ ਅਜੇ ਵੀ ਉੱਥੇ ਹੀ ਪਿਆ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਨਵੇਂ ਆਉਣ ਵਾਲੇ ਝੋਨੇ ਲਈ ਪੂਰੀ ਜਗ੍ਹਾ ਬਣਾਉਣ ਲਈ ਇਸ ਸਟਾਕ ਨੂੰ ਖਾਲੀ ਕਰਨਾ ਜ਼ਰੂਰੀ ਹੈ ਤਾਂ ਜੋ ਕਿਸਾਨ ਮੰਡੀਆਂ ’ਚ ਆਪਣੀ ਫਸਲ ਬਿਨਾਂ ਕਿਸੇ ਸਟੋਰੇਜ ਸਮੱਸਿਆ ਦੇ ਲਿਆ ਸਕਣ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਲਿਖੇ ਪੱਤਰ ’ਚ ਯਾਦ ਦਿਵਾਇਆ ਕਿ ਪੰਜਾਬ ਨੇ ਸਤੰਬਰ 2026 ਦੌਰਾਨ ਸਾਉਣੀ ਮੰਡੀਕਰਨ ਸੀਜ਼ਨ, 2025-26 ਦੇ ਚੌਲ ਦੇਣ ਦੀ ਪ੍ਰਕਿਰਿਆ ਪੂਰੀ ਕਰਨ ਤੇ ਸਾਉਣੀ ਮੰਡੀਕਰਨ ਸੀਜ਼ਨ, 2026-27 ਸ਼ੁਰੂ ਹੋਣ ਤੋਂ ਪਹਿਲਾਂ ਰਾਈਸ ਮਿੱਲਾਂ ਤੇ ਮੰਡੀ ਯਾਰਡਾਂ ’ਚ ਸਟੋਰ ਕੀਤੀ ਕਣਕ ਨੂੰ ਖਾਲੀ ਕਰਨ ਲਈ 15 ਲੱਖ ਮੀਟ੍ਰਿਕ ਟਨ ਚੌਲ ਤੇ 10 ਤੋਂ 12 ਲੱਖ ਮੀਟ੍ਰਿਕ ਟਨ ਕਣਕ ਚੁੱਕਣ ਦੀ ਬੇਨਤੀ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ 1 ਤੋਂ 29 ਸਤੰਬਰ 2026 ਤੱਕ ਸੂਬੇ ਤੋਂ ਸਿਰਫ਼ 8.3 ਲੱਖ ਮੀਟ੍ਰਿਕ ਟਨ ਚੌਲ ਤੇ 4.3 ਲੱਖ ਮੀਟ੍ਰਿਕ ਟਨ ਕਣਕ ਹੀ ਬਾਹਰ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਦੱਸਿਆ ਜਾਂਦਾ ਹੈ ਕਿ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਕੋਲ ਸਟੋਰੇਜ ਦੀ ਲਗਾਤਾਰ ਘਾਟ ਕਾਰਨ ਸਾਉਣੀ ਮੰਡੀਕਰਨ ਸੀਜ਼ਨ 2025-26 ਦੇ ਤੈਅਸ਼ੁਦਾ 105.64 ਲੱਖ ਮੀਟ੍ਰਿਕ ਟਨ ਦੇ ਮੁਕਾਬਲੇ ਅੱਜ (29 ਸਤੰਬਰ, 2026) ਤੱਕ ਸਿਰਫ਼ 99.50 ਲੱਖ ਮੀਟ੍ਰਿਕ ਟਨ (94%) ਕਸਟਮ ਮਿਲਡ ਰਾਈਸ  ਹੀ ਡਿਲੀਵਰ ਕੀਤਾ ਜਾ ਸਕਿਆ ਹੈ ਤੇ ਲਗਭਗ 6 ਲੱਖ ਮੀਟ੍ਰਿਕ ਟਨ ਚੌਲ ਅਜੇ ਵੀ ਡਿਲੀਵਰ ਹੋਣਾ ਬਾਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਾਉਣੀ ਸੀਜ਼ਨ ਦੌਰਾਨ ਬਕਾਇਆ ਝੋਨੇ ਦੇ ਸਟਾਕ ਨੂੰ ਕਲੀਅਰ ਕਰਨ ਤੇ ਸਟਾਕ ਦੇ ਹਿਸਾਬ-ਕਿਤਾਬ ਤੇ ਝੋਨੇ/ਚੌਲਾਂ ਦੀ ਰੀਸਾਈਕਲਿੰਗ ’ਚ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਤੋਂ ਬਚਣ ਲਈ ਐੱਫ.ਸੀ.ਆਈ. ਨੂੰ ਸਾਰੇ ਬਕਾਇਆ ਚੌਲਾਂ ਦੀ ਡਿਲੀਵਰੀ ਤੁਰੰਤ ਮੁਕੰਮਲ ਕੀਤੀ ਜਾਣੀ ਬਹੁਤ ਅਹਿਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਿਲਿੰਗ ’ਚ ਹੋ ਰਹੀ ਦੇਰੀ ਕਾਰਨ ਸ਼ੈਲਰ ਮਾਲਕਾਂ ’ਚ ਪਹਿਲਾਂ ਹੀ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸੂਬਾ ਸਰਕਾਰ ਚੌਲਾਂ ਦੀ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਉਣ ਲਈ ਪੂਰੀ ਵਾਹ ਲਾ ਰਹੀ ਹੈ, ਪਰ ਫਿਰ ਵੀ ਇਸ ਉਦੇਸ਼ ਦੀ ਪੂਰਤੀ ਲਈ 1 ਅਕਤੂਬਰ ਤੋਂ 10 ਅਕਤੂਬਰ ਦਰਮਿਆਨ 6 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਚੌਲਾਂ ਦੇ ਸਟਾਕ ਦੀ ਤੁਰੰਤ ਚੁਕਾਈ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪਣੇ ਅਹਾਤਿਆਂ ’ਚ ਜਗ੍ਹਾ ਦੀ ਤੰਗੀ ਦਾ ਹਵਾਲਾ ਦੇ ਕੇ ਰਾਈਸ ਮਿੱਲਰ ਕੇ.ਐੱਮ.ਐੱਸ. 2026-27 ਦੇ ਝੋਨੇ ਦੀ ਅਲਾਟਮੈਂਟ/ਭੰਡਾਰਨ ਤੇ ਮਿਲਿੰਗ ਲਈ ਹੱਥ ਪਿੱਛੇ ਖਿੱਚ ਸਕਦੇ ਹਨ। ਇਸ ਲਈ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਸਿੱਧੀ ਅਪੀਲ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਇਸ ਮਾਮਲੇ ’ਚ ਨਿੱਜੀ ਦਖ਼ਲ ਦੇਣ ਦੀ ਬੇਨਤੀ ਕਰਦਾ ਹਾਂ ਕਿ ਖ਼ੁਰਾਕ ਤੇ ਜਨਤਕ ਵੰਡ ਵਿਭਾਗ ਤੇ ਐੱਫ.ਸੀ.ਆਈ. ਹੈੱਡਕੁਆਰਟਰ ਦੇ ਸਬੰਧਤ ਅਧਿਕਾਰੀਆਂ ਨੂੰ 1 ਅਕਤੂਬਰ ਤੋਂ 10 ਅਕਤੂਬਰ ਦਰਮਿਆਨ ਪੰਜਾਬ ’ਚੋਂ 6 ਲੱਖ ਮੀਟ੍ਰਿਕ ਟਨ ਚੌਲਾਂ ਤੇ ਅਕਤੂਬਰ 2026 ਦੌਰਾਨ 15 ਲੱਖ ਮੀਟ੍ਰਿਕ ਟਨ ਕਣਕ ਦੀ ਚੁਕਾਈ ਯਕੀਨੀ ਬਣਾਉਣ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਣ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇ.ਐੱਮ.ਐੱਸ. 2026-27 ਦੌਰਾਨ ਸੁਚਾਰੂ ਖਰੀਦ ਪ੍ਰਕਿਰਿਆ ਨੂੰ ਚਲਾਉਣ ਤੇ ਸੰਵੇਦਨਸ਼ੀਲ ਸਰਹੱਦੀ ਸੂਬੇ ’ਚ ਕਿਸੇ ਵੀ ਅਣਸੁਖਾਵੀਂ ਜਾਂ ਅਮਨ-ਕਾਨੂੰਨ ਦੀ ਸਥਿਤੀ ਨੂੰ ਪੈਦਾ ਹੋਣ ਤੋਂ ਰੋਕਣ ਲਈ ਇਹ ਚੁਕਾਈ ਬੇਹੱਦ ਜ਼ਰੂਰੀ ਹੈ।

ਪਿਛਲੀ ਖ਼ਬਰ ਜਲੰਧਰ ਕਲੱਬ ਵਲੋਂ ਅੰਮਿਤ ਕੁਕਰੇਜਾ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਫੈਸਲਾਕੁੰਨ ਲੜਾਈ ਲੜ ਰਹੀ ਪੰਜਾਬ ਸਰਕਾਰ -ਮੋਹਿੰਦਰ ਭਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।