ਪੰਜਾਬ ’ਚ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ-ਅਮਿਤ ਸ਼ਾਹ
ਕਾਪੀ ਪੇਸਟ ਕਰਨ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰਨ ਗ੍ਰਹਿ ਮੰਤਰੀ-ਭਗਵੰਤ ਮਾਨ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 16 ਅਕਤੂਬਰ-ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਨਸ਼ਾ ਵਿਰੋਧੀ ਕਾਰਕੁਨਾਂ ’ਤੇ ਹੋਏ ਜਾਨਲੇਵਾ ਹਮਲਿਆਂ, ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਵਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲਿਆਂ ’ਤੇ ਵਿਸਤ੍ਰਿਤ ਰਿਪੋਰਟਾਂ ਮੰਗੀਆਂ ਹਨ। ਕੇਂਦਰ ਸਰਕਾਰ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾੜੀ ਪੰਨਵਾਂ ਅਤੇ ਮਾਨਸਾ ’ਚ ਹੋਏ ਹਮਲਿਆਂ ਅਤੇ ਸੰਗਰੂਰ ’ਚ ਖੁਦਕੁਸ਼ੀ ਦੇ ਇਕ ਮਾਮਲੇ ਵੱਲ ਧਿਆਨ ਦਿਵਾਇਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਵੀਰਵਾਰ ਰਾਤ ਨੂੰ ਗੁਰਦਾਸਪੁਰ ਦੇ ਪਿੰਡ ਮਾੜੀ ਪੰਨਵਾਂ ’ਚ ਬਿਕਰਮਜੀਤ ਸਿੰਘ, ਨਿਸ਼ਾਨ ਸਿੰਘ ਅਤੇ ਗੁਰਮੁਖ ਸਿੰਘ ’ਤੇ ਹੋਇਆ ਹਮਲਾ ਨਸ਼ਿਆਂ ਨਾਲ ਜੁੜਿਆ ਹੋਇਆ ਸੀ। ਇਸ ਤੋਂ ਇਲਾਵਾ, ਮੰਤਰਾਲੇ ਨੇ ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਅਤੇ ਨਸ਼ੇ ਦੇ ਸ਼ਿਕਾਰ ਵਿਅਕਤੀ ਦੇ ਪਿਤਾ, ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਦਾ ਵੀ ਨੋਟਿਸ ਲਿਆ ਹੈ। ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਇਹ ਰਿਪੋਰਟਾਂ ਦੇਣ ਲਈ ਕਿਹਾ ਹੈ, ਕਿਉਂਕਿ ਇਨ੍ਹਾਂ ਘਟਨਾਵਾਂ ਦੇ ਕਾਨੂੰਨ-ਵਿਵਸਥਾ ’ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ। ਕੇਂਦਰ ਨੇ ਸੂਬਾ ਸਰਕਾਰ ਤੋਂ ‘ਨਸ਼ਾ ਕੰਟਰੋਲ ਲਈ ਵਿਜ਼ਨ ਦਸਤਾਵੇਜ਼ (2026-2029)’ ’ਤੇ ਕੀਤੀ ਗਈ ਕਾਰਵਾਈ ਦੀ ਵਿਸਤ੍ਰਿਤ ਰਿਪੋਰਟ ਵੀ ਮੰਗੀ ਹੈ, ਇਹ ਦਸਤਾਵੇਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਸਾਂਝਾ ਕੀਤਾ ਗਿਆ ਸੀ। ਸੂਬਾ ਸਰਕਾਰ ਤੋਂ ਰਿਪੋਰਟਾਂ ਮੰਗਦੇ ਹੋਏ ਗ੍ਰਹਿ ਮੰਤਰਾਲੇ ਨੇ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਦਾ ਵੀ ਜ਼ਿਕਰ ਕੀਤਾ ਹੈ। ਆਪਣੀ ਜਾਨ ਲੈਣ ਵਰਗਾ ਕਦਮ ਚੁੱਕਣ ਤੋਂ ਪਹਿਲਾਂ, ਗੁਲਜ਼ਾਰ ਸਿੰਘ ਨੇ ਆਪਣੇ ਇਲਾਕੇ ’ਚ ਨਸ਼ਿਆਂ ਦੀ ਉਪਲਬਧਤਾ ’ਤੇ ਸਵਾਲ ਚੁੱਕੇ ਸਨ ਅਤੇ ਪੰਜਾਬ ਦੇ ਇਕ ਮੰਤਰੀ ’ਤੇ ਦੋਸ਼ ਲਗਾਏ ਸਨ। ਮੰਤਰਾਲੇ ਨੇ ਕਿਹਾ ਕਿ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਗੁਲਜ਼ਾਰ ਸਿੰਘ ਨੂੰ ਸਥਾਨਕ ਪਿੰਡ ਪੰਚਾਇਤ ਦੁਆਰਾ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਗਿਆ ਤੇ ਦਬਾਅ ਪਾਇਆ ਗਿਆ, ਜਿਸ ਕਾਰਨ ਉਸਨੇ ਮਜਬੂਰ ਹੋ ਕੇ ਆਪਣੀ ਜਾਨ ਦੇ ਦਿੱਤੀ। ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਭਖੀ ਸਿਆਸਤ ਦਰਮਿਆਨ ਕੇਂਦਰ ਅਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹਨ, ਜਿਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਪੰਜਾਬ ’ਚ ਨਸ਼ਿਆਂ ਦੇ ਵਧਰਹੇ ਕਾਰੋਬਾਰ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਉਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਤੋਂ ਨਸ਼ਾ ਸਪਲਾਈ ਕਰਨ ਦਾ ਮੁੱਦਾ ਚੁੱਕਦਿਆਂ ਕੇਂਦਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ।
ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ-ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਅੱਜ ਨਸ਼ੇ, ਗੈਂਗਸਟਰਵਾਦ ਅਤੇ ਸੰਗਠਿਤ ਜੁਰਮਾਂ ਦੇ ਵਧ ਰਹੇ ਖ਼ਤਰੇ ਨਾਲ ਜੂਝ ਰਿਹਾ ਹੈ। ਭਗਵੰਤ ਮਾਨ ਸਰਕਾਰ ਅੱਗੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਪੰਜਾਬ ਦੀ ਜਨਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ। ਗ੍ਰਹਿ ਮੰਤਰੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ’ਚ ਨਸ਼ੇ ਦਾ ਕਾਰੋਬਾਰ ਵਧ-ਫੁਲ ਰਿਹਾ ਹੈ। ਸੰਗਠਿਤ ਜੁਰਮਾਂ ਦਾ ਖ਼ਤਰਾ ਵਧ ਰਿਹਾ ਹੈ ਅਤੇ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਪ੍ਰਚਾਰ ਜਾਂ ਐਲਾਨ ਨਹੀਂ ਚਾਹੀਦੇ, ਸਗੋਂ ਜਵਾਬ ਅਤੇ ਨਤੀਜੇ ਚਾਹੀਦੇ ਹਨ। ਅਮਿਤ ਸ਼ਾਹ ਨੇ ਝੋਟਾ ਦੀ ਹੱਤਿਆ ਤੋਂ ਇਲਾਵਾ ਦਿੜ੍ਹਬਾ ’ਚ ਇਕ ਪਿਤਾ ਵਲੋਂ ਦਬਾਅ ’ਚ ਜ਼ਹਿਰ ਖਾਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਇਨ੍ਹਾਂ ਦੋਹਾਂ ਘਟਨਾਵਾਂ ’ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗੇਗਾ। ਅਮਿਤ ਸ਼ਾਹ ਨੇ ਉਕਤ ਸੰਦੇਸ਼ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਹਿੰੰਦੀ ਅਤੇ ਪੰਜਾਬੀ ਭਾਸ਼ਾਵਾਂ ’ਚ ਦਿੱਤਾ।
ਬਿਨਾਂ ਜਾਂਚ ਦੇ ਕਾਪੀ ਪੇਸਟ ਨਾ ਕਰਨ ਗ੍ਰਹਿ ਮੰਤਰੀ-ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਉਨ੍ਹਾਂ (ਸ਼ਾਹ) ਨੂੰ ਉਨ੍ਹਾਂ (ਭਗਵੰਤ ਮਾਨ) ਬਾਰੇ ਬਿਆਨ ਦੇਣ ਤੋਂ ਪਹਿਲਾਂ ਆਪਣੇ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਭਗਵੰਤ ਮਾਨ ਨੇ ਬੀ.ਐਸ.ਐਫ. ਦੇ ਅਧਿਕਾਰ ਹੇਠਾਂ ਆਉਂਦੇ ਖੇਤਰ ਅਤੇ ਗੁਜਰਾਤ ਦੀ ਕਾਂਡਲਾ ਬੰਦਰਗਾਹ ’ਤੇ 3 ਹਜ਼ਾਰ ਕਿੱਲੋ ਚਿੱਟਾ ਫੜੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਦੋਸ਼ ਦੇਣ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਤਨਜ਼ ਕੱਸਦਿਆਂ ਇਹ ਵੀ ਕਿਹਾ ਕਿ ਅਮਿਤ ਸ਼ਾਹ ਨੂੰ ਆਪਣੇ ਸਲਾਹਕਾਰਾਂ ਵਲੋਂ ਲਿਖੇ ਗਏ ਟਵੀਟ ਬਿਨਾਂ ਜਾਂਚ ਪਰਖੇ ਕਾਪੀ ਪੇਸਟ ਕਰਨ ਦੀ ਥਾਂ ਤੱਥਾਂ ਨੂੰ ਸਮਝਣਾ ਚਾਹੀਦਾ ਹੈ।
ਪੰਜਾਬ ਨੂੰ ਬਦਨਾਮ ਨਾ ਕਰੋ-ਮਨੀਸ਼ ਸਿਸੋਦੀਆ
‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਵੀ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਦਨਾਮ ਨਾ ਕਰੋ। ਉਨ੍ਹਾਂ ਅਮਿਤ ਸ਼ਾਹ ਨੂੰ ਕਿਹਾ ਕਿ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਹੋ। ਗੁਜਰਾਤ ਦੇ ਰਸਤਿਓਂ ਪੰਜਾਬ ’ਚ ਸਪਲਾਈ ਹੋ ਰਹੇ ਨਸ਼ੇ ਦੀ ਸਪਲਾਈ ਚੇਨ ਤੋੜਨਾ ਦੇਸ਼ ਦੇ ਗ੍ਰਹਿ ਮੰਤਰੀ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਬੰਦਰਗਾਹ ’ਤੇ ਪਿਛਲੇ 5 ਸਾਲ ’ਚ ਦੇਸ਼ ਦੇ ਸਭ ਤੋਂ ਵੱਡੇ ਡਰੱਗਜ਼ ਫੜੇ ਗਏ, ਫਿਰ ਵੀ ਤੁਸੀਂ ਸਿਆਸਤ ਲਈ ਪੰਜਾਬ ਨੂੰ ਬਦਨਾਮ ਕਰ ਰਹੇ ਹੋ। ਸਿਸੋਦੀਆ ਨੇ ਸਾਬਰਮਤੀ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੈਂਗਸਟਰ ਦੀ ਪੁਸ਼ਤਪਨਾਹੀ ਕਿਥੋਂ ਹੋ ਰਹੀ ਹੈ, ਇਹ ਸਵਾਲ ਪੰਜਾਬ ’ਤੇ ਨਹੀਂ, ਸਗੋਂ ਤੁਹਾਡੀ ਸਰਕਾਰ ’ਤੇ ਉੱਠਦਾ ਹੈ।
ਨਸ਼ੇ ਦੇ ਮੁੱਦੇ ’ਤੇ ਸਿਆਸਤ ਨਾ ਕਰੋ-ਅਮਨ ਅਰੋੜਾ
ਪੰਜਾਬ ’ਚ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ, ਸਗੋਂ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹੋਣ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ੇ ਖ਼ਿਲਾਫ਼ ਜੰਗ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ।