ਦਸੂਹਾ, 12 ਫਰਵਰੀ (ਕੌਸ਼ਲ)-ਸੜਕ ਹਾਦਸੇ 'ਚ ਜ਼ਖਮੀ ਹੋਏ ਸ਼ੇਰਾਂਵਾਲੀ ਕੁਟੀਆ ਕੈਂਥਾ ਦਸੂਹਾ ਦੇ ਸੰਤ ਸ਼ਬਦ ਪ੍ਰੇਮਾਨੰਦ ਮਹਾਰਾਜ, ਬਾਈ ਜੀ ਅਤੇ ਗੱਡੀ ਵਿਚ ਸਵਾਰ ਤਿੰਨ ਸ਼ਰਧਾਲੂਆਂ ਦੀ ਸਿਹਤ ਦਾ ਹਾਲ ਚਾਲ ਜਾਣਨ ਲਈ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਅਤੇ ਮੀਤ ਪ੍ਰਧਾਨ ਨਗਰ ਕੌਂਸਲ ਅਮਰਪ੍ਰੀਤ ਸਿੰਘ ਸੋਨੰੂ ਖ਼ਾਲਸਾ ਵਿਸ਼ੇਸ਼ ਤੌਰ 'ਤੇ ਨਿੱਜੀ ਹਸਪਤਾਲ ਪਹੁੰਚੇ | ਸੰਤ ਪ੍ਰੇਮਾਨੰਦ, ਬਾਈ ਜੀ ਅਤੇ ਤਿੰਨ ਸ਼ਰਧਾਲੂ ਕਿਸੇ ਧਾਰਮਿਕ ਕਾਰਜ ਤੋਂ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਉਨ੍ਹਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ | ਹਾਦਸੇ ਦੌਰਾਨ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਸਵਾਰ ਸਾਰੇ ਵਿਅਕਤੀ ਜ਼ਖਮੀ ਹੋ ਗਏ | ਵਿਧਾਇਕ ਘੁੰਮਣ ਨੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਇਲਾਜ ਸੰਬੰਧੀ ਪੂਰੀ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਨੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਜ਼ਖਮੀਆਂ ਦੇ ਇਲਾਜ ਵਿਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ ਅਤੇ ਜ਼ਰੂਰਤ ਪੈਣ 'ਤੇ ਹਰ ਸੰਭਵ ਮਦਦ ਉਪਲਬਧ ਕਰਵਾਈ ਜਾਵੇਗੀ | ਵਿਧਾਇਕ ਘੁੰਮਣ ਨੇ ਇਸ ਮੌਕੇ ਕਿਹਾ ਕਿ ਸੰਤ ਪ੍ਰੇਮਾਨੰਦ ਮਹਾਰਾਜ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਸਰਗਰਮ ਰਹਿੰਦੇ ਹਨ ਅਤੇ ਇਲਾਕੇ ਵਿਚ ਉਨ੍ਹਾਂ ਦਾ ਵਿਸ਼ੇਸ਼ ਸਤਿਕਾਰ ਹੈ | ਅਮਰਪ੍ਰੀਤ ਸਿੰਘ ਸੋਨੰੂ ਖ਼ਾਲਸਾ ਨੇ ਵੀ ਜ਼ਖਮੀਆਂ ਦੀ ਖੈਰ-ਖ਼ਬਰ ਲੈਂਦਿਆਂ ਕਿਹਾ ਕਿ ਨਗਰ ਕੌਂਸਲ ਵਲੋਂ ਜ਼ਰੂਰਤ ਪੈਣ 'ਤੇ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ |