ਹੁਸ਼ਿਆਰਪੁਰ, 15 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਵਿਚ ਕਰਵਾਇਆ ਜਾ ਰਹੇ ਨੇਚਰ ਫੈਸਟ-2026 ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਕੁਦਰਤ, ਰੋਮਾਂਚ ਅਤੇ ਸਭਿਆਚਾਰ ਦਾ ਸ਼ਾਨਦਾਰ ਸੰਗਮ ਬਣ ਕੇ ਉੱਭਰ ਰਿਹਾ ਹੈ | ਦੋ ਦਿਨਾਂ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿਚ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੁਦਰਤ ਦੀ ਗੋਦ ਵਿਚ ਸਮਾਂ ਬਿਤਾਇਆ | ਸ਼ਨੀਵਾਰ ਸਵੇਰੇ ਸੈਲਾਨੀਆਂ ਨੇ ਚੌਹਾਲ ਵਿਚ ਜੰਗਲ ਸਫ਼ਾਰੀ ਅਤੇ ਬੋਟਿੰਗ ਦਾ ਅਨੰਦ ਮਾਣਿਆ ਅਤੇ ਕੁਦਰਤੀ ਸੁੰਦਰਤਾ ਦਾ ਨੇੜਿਓਾ ਅਨੁਭਵ ਕੀਤਾ | ਐਤਵਾਰ ਸਵੇਰੇ ਟਰੈਕਿੰਗ, ਬਰਡ ਵਾਚਿੰਗ ਅਤੇ ਆਫ-ਰੋਡਿੰਗ ਗਤੀਵਿਧੀਆਂ ਰਾਹੀਂ ਭਾਗੀਦਾਰਾਂ ਨੇ ਕੁਦਰਤ ਦੇ ਵਿਭਿੰਨ ਰੰਗਾਂ ਨੂੰ ਜਾਣਿਆ | ਸ਼ਨੀਵਾਰ ਸ਼ਾਮ ਨੂੰ ਸੋਲਿਸ ਠਰੋਲੀ ਵਿਖੇ ਆਯੋਜਿਤ ਨਾਈਟ ਕੈਂਪਿੰਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ | ਸੈਲਾਨੀਆਂ ਨੇ ਖੁੱਲ੍ਹੇ ਆਸਮਾਨ ਥੱਲੇ ਕੈਂਪਿੰਗ ਦਾ ਅਨੰਦ ਲਿਆ, ਜਦਕਿ ਓਪਨ ਮਾਈਕ ਅਤੇ ਸੰਗੀਤਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਯਾਦਗਾਰੀ ਬਣਾ ਦਿੱਤਾ | ਐਤਵਾਰ ਸਵੇਰੇ ਲਾਜਵੰਤੀ ਸਪੋਰਟਸ ਸਟੇਡੀਅਮ ਤੋਂ ਕੁਕਾਨੇਟ-ਦੇਹਰੀਆਂ ਤੱਕ ਇੱਕ ਆਫ-ਰੋਡਿੰਗ ਐਡਵੈਂਚਰ ਕਰਵਾਇਆ ਗਿਆ | ਇਸ ਦੇ ਨਾਲ ਹੀ ਲੋਕਾਂ ਨੇ ਸਭਿਆਚਾਰਕ ਪ੍ਰੋਗਰਾਮਾਂ ਅਤੇ ਵੱਖ-ਵੱਖ ਸਟਾਲਾਂ ਦਾ ਭਰਪੂਰ ਅਨੰਦ ਮਾਣਿਆ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਨੇਚਰ ਫੈਸਟ ਦਾ ਉਦੇਸ਼ ਸੈਲਾਨੀਆਂ ਨੂੰ ਹੁਸ਼ਿਆਰਪੁਰ ਦੀ ਕੁਦਰਤੀ ਸੁੰਦਰਤਾ ਅਤੇ ਸੈਰ-ਸਪਾਟਾ ਸੰਭਾਵਨਾ ਤੋਂ ਜਾਣੂ ਕਰਵਾਉਣਾ ਹੈ | ਇਹ ਸਮਾਗਮ ਲੋਕਾਂ ਨੂੰ ਰੋਮਾਂਚ ਅਤੇ ਮਨੋਰੰਜਨ ਨਾਲ ਕੁਦਰਤ ਦੇ ਨੇੜੇ ਲਿਆਉਣ ਲਈ ਇੱਕ ਮਹੱਤਵਪੂਰਨ ਪਹਿਲ ਹੈ | ਉਨ੍ਹਾਂ ਦੱਸਿਆ ਕਿ 16 ਫਰਵਰੀ ਨੂੰ ਸੈਲਾਨੀਆਂ ਨੂੰ ਉੱਨਤੀ, ਫੈਪਰੋ ਅਤੇ ਸਿਟਰਸ ਯੂਨਿਟਾਂ ਦਾ ਉਦਯੋਗਿਕ ਦੌਰਾ ਕਰਵਾਇਆ ਜਾਵੇਗਾ | ਮੀਆਵਾਕੀ ਸਾਈਟ ਵਿਜ਼ਟ, ਵਨ ਚੇਤਨਾ ਪਾਰਕ ਵਿਚ ਕਿਡਸ ਕਾਰਨੀਵਾਲ, ਲਾਜਵੰਤੀ ਸਟੇਡੀਅਮ ਵਿਖੇ ਸਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੇਸ਼ਕਾਰੀਆਂ ਅਤੇ ਮੁਕਾਬਲਿਆਂ ਦੇ ਨਤੀਜੇ 17 ਫਰਵਰੀ ਨੂੰ ਘੋਸ਼ਿਤ ਕੀਤੇ ਜਾਣਗੇ | ਇਸ ਤੋਂ ਇਲਾਵਾ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਸਿੰਗਰ ਨਾਈਟ ਖਿੱਚ ਦਾ ਕੇਂਦਰ ਰਹੇਗੀ | ਉਨ੍ਹਾਂ ਦੱਸਿਆ ਕਿ 17 ਤਰੀਕ ਨੂੰ ਹੀ ਬੰਬੂਘਾਟ-2 ਦੀ ਸਟਾਰ ਕਾਸਟ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀ ਹੈ, ਜਿਸ ਵਿਚ ਸਿੰਮੀ ਚਾਹਲ, ਐਮੀ ਵਿਰਕ, ਕਰਮਜੀਤ ਅਨਮੋਲ ਦਰਸ਼ਕਾਂ ਨਾਲ ਰੂ-ਬ-ਰੂ ਹੋਣਗੇ | ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਐੱਸ.ਡੀ.ਐਮ ਮੁਕੇਰੀਆਂ ਓਇਸ਼ੀ ਮੰਡਲ, ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ, ਵਧੀਕ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ |
ਹੁਸ਼ਿਆਰਪੁਰ ਨੇਚਰ ਫੈਸਟ-2026- ਕੁਦਰਤ, ਰੋਮਾਂਚ ਤੇ ਸੱਭਿਆਚਾਰ ਦਾ ਇਕ ਵਿਲੱਖਣ ਉਤਸਵ
ਅਜੀਤ ਡੈਸਕ
16-02-2026