ਦਸੂਹਾ, 15 ਫਰਵਰੀ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ, ਦਸੂਹਾ ਲਈ ਪਿਛਲਾ ਦਿਨ ਬਹੁਤ ਹੀ ਮਾਣਮੱਤਾ ਰਿਹਾ, ਜਦੋਂ ਸੰਸਥਾ ਦੇ ਸਾਬਕਾ ਵਿਦਿਆਰਥੀ ਸਰਦਾਰ ਕੁਲਬੀਰ ਸਿੰਘ (ਬੈਚ 1993), ਜੋ ਕਿ ਵਰਤਮਾਨ ਵਿਚ ਭਾਰਤੀ ਫ਼ੌਜ ਵਿਚ ਬਿ੍ਗੇਡੀਅਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਐੱਨ.ਸੀ.ਸੀ. ਗਰੁੱਪ ਕਮਾਂਡਰ (ਅੰਮਿ੍ਤਸਰ )ਵਜੋਂ ਤਾਇਨਾਤ ਹਨ, ਨੇ ਆਪਣੇ ਪੁਰਾਣੇ ਕਾਲਜ ਦਾ ਦੌਰਾ ਕੀਤਾ | ਕਾਲਜ ਪਹੁੰਚਣ 'ਤੇ ਪਿ੍ੰਸੀਪਲ, ਸਟਾਫ਼ ਅਤੇ ਐੱਨ.ਸੀ.ਸੀ. ਕੈਡਿਟਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਬਿ੍ਗੇਡੀਅਰ ਸਾਹਿਬ ਨੇ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਕਾਲਜ ਦੇ ਦਿਨਾਂ ਨੂੰ ਯਾਦ ਕੀਤਾ | ਉਨ੍ਹਾਂ ਨੇ ਵਿਦਿਆਰਥੀਆਂ ਅਤੇ ਖ਼ਾਸ ਕਰਕੇ ਐੱਨ.ਸੀ.ਸੀ. ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੁਸ਼ਾਸਨ, ਮਿਹਨਤ ਅਤੇ ਦੇਸ਼ ਭਗਤੀ ਹੀ ਸਫਲਤਾ ਦੀ ਕੁੰਜੀ ਹੈ | ਬਿ੍ਗੇਡੀਅਰ ਸਾਹਿਬ ਨੇ 1993 ਬੈਚ ਦੇ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨਾਲ ਬਿਤਾਏ ਸਮੇਂ ਨੂੰ ਸਾਂਝਾ ਕੀਤਾ | ਉਨ੍ਹਾਂ ਨੌਜਵਾਨਾਂ ਨੂੰ ਭਾਰਤੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ | ਕਾਲਜ ਪ੍ਰਬੰਧਕੀ ਕਮੇਟੀ ਅਤੇ ਪਿ੍ੰਸੀਪਲ ਸਾਹਿਬ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਡੇ ਵਿਦਿਆਰਥੀ ਅੱਜ ਦੇਸ਼ ਦੇ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹਨ, ਜੋ ਕਿ ਸਾਡੀ ਸੰਸਥਾ ਲਈ ਬਹੁਤ ਵੱਡੀ ਉਪਲਬਧੀ ਹੈ | ਉਨ੍ਹਾਂ ਉਮੀਦ ਜਤਾਈ ਕਿ ਬਿ੍ਗੇਡੀਅਰ ਸਾਹਿਬ ਦੀ ਇਸ ਫੇਰੀ ਨਾਲ ਵਿਦਿਆਰਥੀਆਂ ਵਿਚ ਨਵਾਂ ਜੋਸ਼ ਅਤੇ ਦੇਸ਼ ਸੇਵਾ ਦੀ ਭਾਵਨਾ ਪੈਦਾ ਹੋਵੇਗੀ | ਐਨ . ਸੀ. ਸੀ ਅਫ਼ਸਰ ਡਾਕਟਰ ਭਾਨੂ ਗੁਪਤਾ ਨੇ ਕਿਹਾ ਕੇ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਐਨ.ਸੀ.ਸੀ ਯੂਨਿਟ ਦੇ ਕੈਡਿਟ ਰਹੇ ਵਿਦਿਆਰਥੀ ਅੱਜ ਕਈ ਯੂਨਿਟਾਂ ਦੇ ਇੰਚਾਰਜ ਹਨ | ਰਜਿਸਟਰਾਰ ਡਾਕਟਰ ਸੀਤਲ ਸਿੰਘ ਨੇ ਕਿਹਾ ਕਿ ਬਿ੍ਗੇਡੀਅਰ ਸਾਹਿਬ ਦੀ ਇਸ ਨਿੱਘੀ ਫੇਰੀ ਨੇ ਸਾਰੇ ਕਾਲਜ ਦੇ ਵਿਦਿਆਰਥੀਆਂ ਅਤੇ ਖ਼ਾਸ ਕਰਕੇ ਐਨ.ਸੀ.ਸੀ ਕੈਡੇਟਾਂ ਅੰਦਰ ਇੱਕ ਵਿਸ਼ੇਸ਼ ਜੋਸ਼ ਭਰਿਆ ਹੈ ਜੋ ਭਵਿੱਖ ਵਿਚ ਕਈ ਬਿ੍ਗੇਡੀਅਰ ਬਣਨ ਵੱਲ ਅਗਰਸਰ ਹੋਣਗੇ | ਇਸ ਖ਼ਾਸ ਮੌਕੇ ਇਲਾਕੇ ਦੇ ਮਾਣ ਡਾਕਟਰ ਧਨੀ ਰੱਲ੍ਹਣ, ਸਟਾਫ਼ ਸੈਕਟਰੀ ਡਾਕਟਰ ਅਮਿਤ ਸ਼ਰਮਾ ਅਤੇ ਜੁਆਇੰਟ ਸਟਾਫ਼ ਸੈਕਟਰੀ ਡਾਕਟਰ ਮੋਹਿਤ ਸ਼ਰਮਾ ਹਾਜ਼ਰ ਸਨ |