28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਟੀ.ਐਸ.ਯੂ. ਅਤੇ ਜੁਆਇੰਟ ਫੋਰਮ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਅਜੀਤ ਡੈਸਕ 18-02-2026
ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਟੀ.ਐਸ.ਯੂ. ਤੇ ਜੁਆਇੰਟ ਫੋਰਮ ਵਲੋਂ ਸਥਾਨਕ ਪ੍ਰਭਾਤ ਚੌਕ 'ਚ ਪੰਜਾਬ ਤੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਸੀ.ਐਚ.ਬੀ. ਠੇਕਾ ਕਾਮਿਆਂ ਦੇ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ, ਟੀ.ਐਸ.ਯੂ. ਤੋਂ ਅਸ਼ਵਨੀ ਕੁਮਾਰ ਸਿਵਲ ਲਾਈਨ ਸਬ ਡਵੀਜ਼ਨ ਪ੍ਰਧਾਨ, ਟੀ.ਐਸ.ਯੂ. ਤੋਂ ਮੁਨੀਸ਼ ਸੈਣੀ ਸੈਕਟਰੀ ਸਿਟੀ ਡਵੀਜ਼ਨ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲੇਬਰ ਕੋਡ ਸੋਧ ਬਿੱਲ ਪਾਸ ਕਰਕੇ ਪਾਰਲੀਮੈਂਟ 'ਚ ਮਨਜ਼ੂਰੀ ਦੇਣ ਦੇ ਵਿਰੋਧ 'ਚ ਅਤੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਪਟਿਆਲਾ ਵਿਖੇ ਬਡੂੰਗਰ ਦੀ 50 ਏਕੜ ਜ਼ਮੀਨ ਵੇਚਣ ਦੇ ਫ਼ੈਸਲੇ ਨੂੰ ਬੀ.ਓ.ਡੀ. ਦੀ ਮੀਟਿੰਗ 'ਚ ਪ੍ਰਵਾਨਗੀ ਦੇਣ ਦੇ ਕੀਤੇ ਫ਼ੈਸਲੇ ਦੇ ਵਿਰੋਧ 'ਚ ਇਹ ਰੋਸ ਮੁਜ਼ਾਹਰਾ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਤੋਂ ਬਣੇ ਲੋਕਪੱਖੀ ਕਾਨੂੰਨਾਂ ਨੂੰ ਵੱਡੀ ਪੱਧਰ 'ਤੇ ਤਬਦੀਲ ਅਤੇ ਬਹੁਤ ਸਾਰੇ ਕਾਨੂੰਨਾਂ ਨੂੰ ਮੁੱਢੋਂ ਹੀ ਖ਼ਤਮ ਕੀਤਾ ਜਾ ਰਿਹਾ ਹੈ | ਕੇਂਦਰ ਸਰਕਾਰ ਵਲੋਂ ਵੱਡੀ ਪੱਧਰ 'ਤੇ ਕਾਰਪੋਰੇਟਪੱਖੀ ਨਵੇਂ-ਨਵੇਂ ਕਾਨੂੰਨ ਲਿਆ ਕੇ ਕਿਰਤੀ ਲੋਕਾਂ ਦੀ ਅੰਨ੍ਹੀ ਲੁੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਸੇ ਕੜੀ ਤਹਿਤ ਉਦਯੋਗਿਕ ਸਬੰਧੀ ਕੋਡ ਸੋਧ ਬਿੱਲ ਪਾਰਲੀਮੈਂਟ ਵਿਚ ਪਾਸ ਕਰ ਦਿੱਤਾ ਗਿਆ ਹੈ, ਚਾਰ ਲੇਬਰ ਕੋਡ ਵੀ ਲਾਗੂ ਕੀਤੇ ਜਾ ਰਹੇ ਹਨ, ਖੇਤੀ ਤੇ ਕਾਰਪੋਰੇਟੀ ਕਬਜ਼ਾ ਕਰਵਾਉਣ ਲਈ ਬੀਜ ਬਿੱਲ-2025 ਲਿਆਂਦਾ ਜਾ ਰਿਹਾ ਹੈ | ਪੰਜਾਬ ਸਰਕਾਰ ਵਲੋਂ ਪਾਵਰਕਾਮ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ, ਪਟਿਆਲਾ ਨੇੜੇ ਬਡੰੂਗਰ ਦੀ 50 ਏਕੜ ਜ਼ਮੀਨ ਵੇਚਣ ਦਾ ਫੈਸਲਾ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਵਿਚ ਕਰ ਦਿੱਤਾ ਗਿਆ ਹੈ, ਰਾਜਪੁਰਾ ਥਰਮਲ ਪਲਾਂਟ ਗੁਜਰਾਤ ਦੀ ਇਕ ਕੰਪਨੀ ਨੂੰ ਵੇਚ ਦਿੱਤਾ ਗਿਆ ਹੈ | ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨਾ ਬੰਦ ਕਰੇ | ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ 90 ਦੇ ਕਰੀਬ ਜਥੇਬੰਦੀਆਂ ਦੇ ਸਾਂਝੇ ਫ਼ੈਸਲੇ ਮੁਤਾਬਿਕ 22 ਫਰਵਰੀ ਨੂੰ ਅੰਮਿ੍ਤਸਰ ਵਿਖੇ ਭਾਜਪਾ ਦੇ ਤਰੁਣ ਚੁੱਘ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਘਰਾਂ ਸਾਹਮਣੇ ਸਾਂਝੇ ਵਿਸ਼ਾਲ ਰੋਸ ਧਰਨੇ ਲਗਾਏ ਜਾਣਗੇ | ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਲੋਕ ਸਭਾ ਤੇ ਰਾਜ ਸਭਾ 'ਚ ਬਿਜਲੀ ਸੋਧ ਬਿੱਲ-2025 ਅਤੇ ਬੀਜ ਬਿੱਲ-2025 ਲਿਆਉਣ 'ਤੇ ਉਸ ਦਿਨ ਨੂੰ ਕਾਲਾ ਦਿਨ ਮਨਾਉਂਦਿਆਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਭਲਕੇ ਐੱਨ. ਪੀ. ਐੱਸ. ਪੀੜਤ ਕਰਮਚਾਰੀ ਫੂਕਣਗੇ ਮੁੱਖ ਮੰਤਰੀ ਦਾ ਪੁਤਲਾ ਅਗਲੀ ਖ਼ਬਰ ਜਸਟਿਸ ਮੀਨਾਕਸ਼ੀ ਆਈ ਮਹਿਤਾ ਵਲੋਂ 'ਵਲਨਰੇਬਲ ਵਿਟਨੈਸ ਡੈਪੋਜਿਸ਼ਨ ਸੈਂਟਰ' ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।