ਹੁਸ਼ਿਆਰਪੁਰ, 18 ਫਰਵਰੀ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੀ ਵਿਦਿਆਰਥਣ ਸਿਫ਼ਤ ਕੌਰ ਸਮਰਾ ਨੇ ਦਿੱਲੀ ਵਿਖੇ ਏਸ਼ੀਆਈ ਖੇਡਾਂ ਦੌਰਾਨ 50 ਮੀਟਰ ਸ਼ੂਟਿੰਗ ਮੁਕਾਬਲੇ 'ਚ ਸੋਨੇ ਤੇ ਚਾਂਦੀ ਦੇ ਤਗਮੇ ਜਿੱਤ ਕੇ ਸੰਸਥਾ ਅਤੇ ਸੂਬੇ ਦਾ ਨਾਂਅ ਕੌਮੀ ਪੱਧਰ 'ਤੇ ਰੌਸ਼ਨ ਕੀਤਾ ਹੈ | ਡਾਇਰੈਕਟਰ ਪ੍ਰੋ. ਸੁਭਾਸ਼ ਸ਼ਰਮਾ ਨੇ ਦੱਸਿਆ ਐਲ.ਐਲ.ਬੀ. (ਤਿੰਨ ਸਾਲਾ ਪ੍ਰੋਗਰਾਮ) ਦੇ ਦੂਜੇ ਸਮੈਸਟਰ ਦੀ ਵਿਦਿਆਰਥਣ ਸਮਰਾ ਨੇ ਵਿਅਕਤੀਗਤ ਵਰਗ 'ਚ ਚਾਂਦੀ ਦਾ ਅਤੇ ਟੀਮ ਈਵੈਂਟ ਵਿਚ ਸੋਨੇ ਦਾ ਤਗਮਾ ਜਿੱਤ ਕੇ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ | ਉਸ ਦੀ ਸ਼ਾਨਦਾਰ ਸਫਲਤਾ ਅੰਤਰਰਾਸ਼ਟਰੀ ਪਲੇਟਫ਼ਾਰਮ 'ਤੇ ਉਸ ਦੇ ਸਮਰਪਣ, ਅਨੁਸ਼ਾਸਨ ਅਤੇ ਸ਼ਾਨਦਾਰ ਸ਼ੂਟਿੰਗ ਹੁਨਰ ਨੂੰ ਦਰਸਾਉਂਦੀ ਹੈ | ਉਸ ਨੇ ਚੋਟੀ ਦੇ ਨਿਸ਼ਾਨੇਬਾਜ਼ਾਂ ਵਿਰੁੱਧ ਮੁਕਾਬਲਾ ਕਰਦੇ ਹੋਏ ਫੋਕਸ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ | ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਇਸ ਚੇਅਰਪਰਸਨ ਮੈਡਮ ਸੰਗੀਤਾ ਚੋਪੜਾ ਨੇ ਸਿਫ਼ਤ ਕੌਰ ਸਮਰਾ ਅਤੇ ਉਸ ਦੇ ਪਰਿਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |