ਮੁਕੇਰੀਆਂ, 18 ਫਰਵਰੀ (ਰਾਮਗੜ੍ਹੀਆ)-ਐੱਸ.ਪੀ.ਐਨ. ਕਾਲਜ ਦੇ ਐਮ.ਕਾਮ. ਵਿਭਾਗ ਦੇ ਵਿਦਿਆਰਥੀਆਂ ਲਈ ਜਲੰਧਰ ਵਿਖੇ ਸਥਿਤ ਵੇਰਕਾ ਡੇਅਰੀ ਪਲਾਂਟ 'ਚ ਇੱਕ ਸਿੱਖਿਆਤਮਕ ਉਦਯੋਗਿਕ ਦੌਰਾ ਕਰਵਾਇਆ ਗਿਆ | ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਿਕ ਪ੍ਰਕਿਰਿਆਵਾਂ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਸਿਧਾਂਤਕ ਗਿਆਨ ਨੂੰ ਵਿਵਹਾਰਿਕ ਅਨੁਭਵ ਨਾਲ ਜੋੜਨਾ ਸੀ | ਦੌਰੇ ਦੌਰਾਨ ਡੇਅਰੀ ਪਲਾਂਟ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਸੰਸਥਾ ਦੇ ਇਤਿਹਾਸ, ਪ੍ਰਬੰਧਕੀ ਢਾਂਚੇ ਅਤੇ ਉਤਪਾਦਨ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੂੰ ਦੁੱਧ ਇਕੱਠਾ ਕਰਨ ਦੀ ਪ੍ਰਕਿਰਿਆ, ਪਾਸਚਰਾਈਕਰਨ, ਸਮਾਨੀਕਰਨ, ਗੁਣਵੱਤਾ ਜਾਂਚ, ਭੰਡਾਰਨ ਅਤੇ ਪੈਕੇਜਿੰਗ ਦੇ ਵੱਖ-ਵੱਖ ਪੜ੍ਹਾਵਾ ਬਾਰੇ ਸਮਝਾਇਆ ਗਿਆ | ਇਸ ਤੋਂ ਇਲਾਵਾ ਉਨ੍ਹਾਂ ਨੇ ਆਧੁਨਿਕ ਮਸ਼ੀਨਰੀ ਅਤੇ ਉੱਚ ਦਰਜੇ ਦੀ ਸਫ਼ਾਈ ਪ੍ਰਣਾਲੀ ਨੂੰ ਨਜ਼ਦੀਕੋਂ ਦੇਖਿਆ | ਇਹ ਦੌਰਾ ਪ੍ਰੋ. ਸੋਨੀਆ ਅਗਰਵਾਲ ਅਤੇ ਪ੍ਰੋ. ਦੀਕਸ਼ਾ ਮਹਿਤਾ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਐਮ.ਕਾਮ ਦੇ 29 ਵਿਦਿਆਰਥੀਆਂ ਨੇ ਭਾਗ ਲਿਆ | ਇਹ ਸ਼ਿੱਖਿਆਤਮਕ ਉਦਯੋਗਿਕ ਦੌਰਾ ਬਹੁਤ ਹੀ ਲਾਭਕਾਰੀ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ, ਜਿਸ ਨਾਲ ਉਦਯੋਗਿਕ ਖੇਤਰ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਅਤੇ ਆਤਮਵਿਸ਼ਵਾਸ ਵਿੱਚ ਵਾਧਾ ਹੋਇਆ | ਅੰਤ ਵਿੱਚ ਪ੍ਰੋ. ਸੋਨੀਆ ਅਗਰਵਾਲ ਨੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਸਮੇਂ-ਸਮੇਂ 'ਤੇ ਸਹਿਯੋਗ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ |