15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਹੁਸ਼ਿਆਰਪੁਰ 'ਚ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖ਼ਲਾਈ ਕੈਂਪ ਲਗਾਇਆ

ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ ਕਰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ | ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਸੰਧੂ ਤੇ ਹੋਰ | ਤਸਵੀਰ : ਹਮਸ਼ਾਇਨ ਸਟੂਡੀਓ <br/> 11-04-2026
ਹੁਸ਼ਿਆਰਪੁਰ, 10 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇੱਥੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਵਾਤਾਵਰਨ ਅਤੇ ਮਨੁੱਖੀ ਸਿਹਤ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਮਜ਼ਬੂਤ ਰੱਖਣ ਲਈ ਫ਼ਸਲੀ ਰਹਿੰਦ-ਖੰੂਹਦ ਦਾ ਸੁਚੱਜਾ ਪ੍ਰਬੰਧਨ ਯਕੀਨੀ ਬਣਾਇਆ ਜਾਵੇ ਅਤੇ ਇਸ ਮੰਤਵ ਲਈ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਫ਼ਸਲੀ ਪ੍ਰਬੰਧਨ ਦੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ | ਸਥਾਨਕ ਸਿਟੀ ਸੈਂਟਰ ਵਿਖੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਉਣੀ ਦੀਆਂ ਫ਼ਸਲਾਂ ਸਬੰਧੀ ਲਗਾਏ ਗਏ ਕਿਸਾਨ ਸਿਖਲਾਈ ਕੈਂਪ ਮੌਕੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਕਣਕ ਅਤੇ ਝੋਨੇ ਦੀ ਰਹਿੰਦ-ਖੰੂਹਦ ਨੂੰ ਖੇਤਾਂ ਵਿਚ ਅੱਗ ਨਾ ਲਗਾ ਕੇ ਹੁਸ਼ਿਆਰਪੁਰ ਨੂੰ ਇਸ ਪ੍ਰਬੰਧਨ ਲਈ ਮੋਹਰੀ ਜ਼ਿਲ੍ਹਾ ਬਣਾਉਣ ਲਈ ਸਾਰਿਆਂ ਨੂੰ ਸਾਂਝੇ ਹੰਭਲੇ ਮਾਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ, ਮਨੁੱਖੀ ਸਿਹਤ ਨੂੰ ਨੁਕਸਾਨ ਤੋਂ ਬਚਾਉਣ ਲਈ ਫ਼ਸਲੀ ਰਹਿੰਦ-ਖੰੂਹਦ ਦਾ ਢੁਕਵਾਂ ਪ੍ਰਬੰਧਨ ਸਮੇਂ ਦੀ ਮੁੱਖ ਲੋੜ ਹੈ ਜਿਸ ਬਾਰੇ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਦੇ ਮੱਦੇਨਜ਼ਰ ਕਿਸਾਨਾਂ ਨੂੰ ਸੂਬਾ ਸਰਕਾਰ ਵਲੋਂ ਮੱਕੀ ਦੀ ਕਾਸ਼ਤ ਲਈ 17500 ਰੁਪਏ ਪ੍ਰਤੀ ਹੈਕਟੇਅਰ ਉਪਦਾਨ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਆਮਦਨ ਵਾਲੀਆਂ ਫ਼ਸਲਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਸੈੱਲਫ਼ ਹੈਲਪ ਗਰੁੱਪਾਂ ਦੀ ਮਦਦ ਨਾਲ ਆਪਣੀ ਪੈਦਾਵਾਰ ਦਾ ਸਾਮਾਨ ਤਿਆਰ ਕਰਕੇ ਆਪਣੀ ਆਮਦਨ ਵਧਾਉਣੀ ਚਾਹੀਦੀ ਹੈ | ਡਿਪਟੀ ਕਮਿਸ਼ਨਰ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਖੇਤੀ ਮਾਹਿਰਾਂ ਅਤੇ ਸੈੱਲਫ਼ ਹੈਲਪ ਗਰੁੱਪਾਂ ਵਲੋਂ ਲਾਏ ਗਏ ਪ੍ਰਦਰਸ਼ਨੀ ਸਟਾਲਾਂ ਦਾ ਦੌਰਾ ਕਰਕੇ ਕਿਸਾਨਾਂ ਅਤੇ ਮਾਹਿਰਾਂ ਨਾਲ ਗੱਲਬਾਤ ਵੀ ਕੀਤੀ | ਕੈਂਪ 'ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਖੇਤੀ ਮਾਹਿਰਾਂ ਅਤੇ ਕਿ੍ਸ਼ੀ ਵਿਗਿਆਨ ਕੇਂਦਰ ਦੀ ਟੀਮ ਨੇ ਕਿਸਾਨਾਂ ਨੂੰ ਨਵੀਨਤਮ ਖੇਤੀਬਾੜੀ ਤਕਨੀਕਾਂ ਸਬੰਧੀ ਜਾਣੂ ਕਰਵਾਇਆ | ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਸੰਧੂ ਨੇ ਕਿਸਾਨਾਂ ਨੂੰ ਭੌਂ-ਪਰਖ ਕਰਵਾਉਣ ਅਤੇ ਭੂਮੀ ਪਰਖ ਦੇ ਆਧਾਰ 'ਤੇ ਪ੍ਰਾਪਤ ਕੀਤੇ ਭੋਂ-ਸਿਹਤ ਕਾਰਡ ਅਨੁਸਾਰ ਹੀ ਖਾਦਾਂ ਦੀ ਵਰਤੋ ਕਰਨ ਲਈ ਕਿਹਾ | ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫ਼ਸਰ ਹੁਸ਼ਿਆਰਪੁਰ ਦੀਪਕ ਪੁਰੀ ਨੇ ਕਿਸਾਨ ਸਿਖਲਾਈ ਕੈਂਪ ਵਿਚ ਹਾਜ਼ਰ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਿਸਾਨਾਂ ਸਮੇਤ ਅਮਿਤ ਨੇਗੀ, ਜਨਰਲ ਸਕੱਤਰ ਟਰੇਡ ਵਿੰਗ ਪੰਜਾਬ, ਮੈਂਬਰ ਐਕਸਾਈਜ਼ ਐਂਡ ਟੈਕਸੇਸ਼ਨ ਅਤੇ ਕੁਲਜੀਤ ਸਿੰਘ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਹਾਨਖੇਲਾਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਤਲਵਾੜਾ–ਧਰਮਪੁਰ ਬੱਸ ਸੇਵਾ ਮੁੜ ਸ਼ੁਰੂ, ਲੋਕਾਂ ਲਈ ਵੱਡੀ ਰਾਹਤ- ਵਿਧਾਇਕ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।