ਭੰਗਾਲਾ, 28 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)-ਮੁਕੇਰੀਆਂ ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਮੀਟਿੰਗ ਮੁਕੇਰੀਆਂ ਯੂਨਿਟ ਦੇ ਪ੍ਰਧਾਨ ਜਗਜੀਤ ਸਿੰਘ ਛੰਨੀ ਨੰਦ ਸਿੰਘ ਦੀ ਅਗਵਾਈ ਹੇਠ ਪੁਰਾਣਾ ਭੰਗਾਲਾ ਵਿਖੇ ਹੋਈ | ਇਸ ਮੌਕੇ ਸਰਪ੍ਰਸਤ ਅਜੀਤ ਨਾਰੰਗ, ਜਨਰਲ ਸਕੱਤਰ ਸੰਜੀਵ ਅਨੰਦ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਕਿਸਾਨ ਭਰਾਵਾਂ ਅਤੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਹਾਈਬਰਿਡ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ | ਉਨ੍ਹਾਂ ਕਿਹਾ ਸਿਰਫ਼ ਸਰਕਾਰ ਦੁਆਰਾ ਪ੍ਰਮਾਣਿਤ ਕਿਸਮਾਂ ਸੁਪਰਮੀ 110 ਗੋਲਡ, ਆਰ. 121, 126, 122, 128 ਅਤੇ ਮਾਨਤਾ ਪ੍ਰਾਪਤ ਬੀਜ ਨੂੰ ਤਰਜੀਹ ਦਿੱਤੀ ਜਾਵੇ | ਉਨ੍ਹਾਂ ਕਿਹਾ ਹਾਈਬਰਿਡ ਕਿਸਮ ਦਾ ਝੋਨਾ ਸ਼ੈਲਰਾਂ ਵਿਚ ਸਟੋਰ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਝੋਨੇ ਦੇ ਹਾਈਬਿ੍ਡ ਬੀਜਾਂ ਕਾਰਨ ਸ਼ੈਲਰ ਮਾਲਕਾਂ ਨੂੰ ਭਾਰੀ ਜ਼ਖਮ ਝੱਲਣਾ ਪਿਆ ਸੀ, ਕਿਉਂਕਿ ਸ਼ੈਲਰ ਮਾਲਕਾਂ ਨੂੰ ਇਕ ਕੁਇੰਟਲ ਝੋਨਾ ਕੱਢਣਾ ਪੈਂਦਾ ਹੈ ਤੇ ਸਰਕਾਰ ਨੂੰ 67 ਕਿੱਲੋ ਚੌਲ ਦੇਣਾ ਪੈਂਦਾ ਹੈ ਪਰ ਇਸ ਦੇ ਚੌਲ 67 ਕਿੱਲੋ ਦੀ ਬਜਾਏ 62 ਕਿੱਲੋ ਹੀ ਨਿਕਲਦੇ ਹਨ ਅਤੇ ਸ਼ੈਲਰ ਮਾਲਕਾਂ ਨੂੰ 5 ਕਿੱਲੋ ਦਾ ਘਾਟਾ ਪੈਂਦਾ ਹੈ ਜਿਸ ਕਾਰਨ ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਵੀ ਸ਼ੈਲਰ ਮਾਲਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ | ਉਨ੍ਹਾਂ ਕਿਹਾ ਕਿ ਅਸੀਂ ਇਹ ਹਾਈਬਿ੍ਡ ਝੋਨਾ ਬਿਲਕੁਲ ਨਹੀਂ ਚੁੱਕਾਂਗੇ, ਕਿਸਾਨ ਆਪਣਾ ਹੁਣੇ ਹੀ ਪ੍ਰਬੰਧ ਕਰ ਲਵੇ ਅਤੇ ਫਿਰ ਕਿਸੇ ਨੂੰ ਕੋਈ ਦੋਸ਼ੀ ਨਹੀਂ ਠਹਿਰਾ ਸਕਦਾ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਹਾਈਬਿ੍ਡ ਝੋਨੇ ਦਾ ਬਰੋਕਰ 42 ਪ੍ਰਤੀਸ਼ਤ ਹੁੰਦਾ ਹੈ ਜਦਕਿ ਇਸ ਵਿਚ ਮਿਲਰ ਨੂੰ 19 ਪ੍ਰਤੀਸ਼ਤ ਨੁਕਸਾਨ ਹੁੰਦਾ ਹੈ | ਇਸ ਮੌਕੇ ਰਾਈਸ ਮਿਲਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹਲਕੇ ਅੰਦਰ ਜੋ ਹਾਈਬਿ੍ਡ ਬੀਜ ਡੀਲਰਾਂ ਵਲੋਂ ਵੇਚਣੇ ਸ਼ੁਰੂ ਕਰ ਦਿੱਤੇ ਗਏ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸੀਜ਼ਨ ਵਿਚ ਸ਼ੈਲਰ ਅਤੇ ਕਿਸਾਨਾਂ ਦੀ ਕੋਈ ਵੀ ਪ੍ਰੇਸ਼ਾਨੀ ਸਾਹਮਣੇ ਨਾ ਆ ਸਕੇ | ਇਸ ਮੌਕੇ ਸੰਜੀਵ ਅਨੰਦ, ਅਮਨਦੀਪ ਪੁਰਾਣਾ ਭੰਗਾਲਾ ਰਾਈਸ ਮਿੱਲ, ਅਸ਼ੋਕ ਜੈਨ, ਰਮਨ ਡੋਗਰਾ, ਲਲਿਤ ਜੋਸ਼ੀ, ਰੋਹਿਤ, ਸੋਨੂੰ ਲਕਸ਼ਮੀ ਰਾਏ ਮਿਲ ਹਾਜੀਪੁਰ, ਰਜੀਵ ਅਨੰਦ ਤੇ ਅਰਜਨ ਨਾਰੰਗ ਆਦਿ ਹਾਜ਼ਰ ਸਨ |