ਮੁਕੇਰੀਆਂ, 10 ਮਈ (ਰਾਮਗੜ੍ਹੀਆ)-ਪਾਵਰਕਾਮ 'ਚ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਬਿਜਲੀ ਕਰਮਚਾਰੀ ਮਾਨਸਿਕ ਦਬਾਅ ਹੇਠ ਕੰਮ ਕਰ ਰਹੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਪਾਵਰ ਕੌਮ ਦੇ ਵਧੀਕ ਨਿਗਰਾਨ ਇੰਜੀਨੀਅਰ ਮੁਕੇਰੀਆਂ ਕੋਲ ਮੁਲਾਜ਼ਮ ਮੰਗਾਂ ਦੇ ਹੱਲ ਲਈ ਸਮਾਂ ਹੀ ਨਹੀਂ ਹੈ | ਇਸ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਟੀ. ਐਸ. ਯੂ. ਵਲੋਂ ਭਲਕੇ ਡਵੀਜ਼ਨ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ, ਜਿਸ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ | ਇਸ ਸੰਬੰਧੀ ਜਾਰੀ ਇੱਕ ਪੈੱ੍ਰਸ ਬਿਆਨ 'ਚ ਟੀ. ਐਸ. ਯੂ. (ਟੈਕਨੀਕਲ ਸਰਵਿਸ ਯੂਨੀਅਨ) ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਮਾਨਸਿਕ ਦਬਾਅ ਕਾਰਨ ਬਿਜਲੀ ਕਾਮੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਪਰ ਪਾਵਰਕਾਮ ਅਧਿਕਾਰੀ ਨਾ ਤਾਂ ਮੁਲਾਜ਼ਮਾਂ ਦੀ ਘਾਟ ਦੂਰ ਕਰ ਰਹੇ ਹਨ ਤੇ ਨਾ ਹੀ ਫ਼ੀਲਡ ਕਾਮਿਆਂ ਦੀ ਦਫ਼ਤਰਾਂ ਵਿਚ ਹੋ ਰਹੀ ਖੱਜਲ ਖ਼ੁਆਰੀ ਰੋਕਣ ਲਈ ਕੋਈ ਧਿਆਨ ਦੇ ਰਹੇ ਹਨ | ਇਕ ਜਾਣਕਾਰੀ ਅਨੁਸਾਰ ਹਾਜੀਪੁਰ ਸਬ-ਡਵੀਜ਼ਨ ਅਧੀਨ ਸਹਾਇਕ ਲਾਈਨਮੈਨਾਂ ਦੀਆਂ 37 ਅਸਾਮੀਆਂ ਮਨਜ਼ੂਰਸ਼ੁਦਾ ਹਨ, ਪਰ ਉਥੇ ਕੇਵਲ 6 ਸਹਾਇਕ ਲਾਈਨਮੈਨਾਂ ਨਾਲ ਕੰਮ ਚਲਾਇਆ ਜਾ ਰਿਹਾ ਹੈ | ਦਾਤਾਰਪੁਰ 'ਚ ਕਰੀਬ 24 ਮਨਜ਼ੂਰਸ਼ੁਦਾ ਅਸਾਮੀਆਂ ਦੇ ਉਲਟ 4-5 ਸਹਾਇਕ ਲਾਈਨਮੈਨ ਹੀ ਹਨ | ਇਹੋ ਹਾਲ ਬਾਕੀ ਸਬ ਡਵੀਜ਼ਨਾਂ ਦਾ ਹੈ, ਜਿਸ ਕਾਰਨ ਫ਼ੀਲਡ ਕਾਮਿਆਂ ਨੂੰ ਹਫ਼ਤਾਵਾਰੀ ਛੁੱਟੀ ਵੀ ਨਸੀਬ ਨਹੀਂ ਹੋ ਰਹੀ | ਜਦੋਂ ਮੁਲਾਜ਼ਮ ਇਸ ਮਸਲੇ 'ਤੇ ਗੱਲ ਕਰਨਾ ਚਾਹੁੰਦੇ ਹਨ ਤਾਂ ਸਬ ਡਵੀਜ਼ਨ ਅਧਿਕਾਰੀ ਦਫ਼ਤਰਾਂ ਤੋਂ ਬਾਹਰ ਚਲੇ ਜਾਂਦੇ ਹਨ | ਅਜਿਹਾ ਹੀ ਹਾਜੀਪੁਰ ਸਬ ਡਵੀਜ਼ਨ 'ਚ ਪਿਛਲੇ ਦਿਨੀਂ ਦੇਖਣ ਨੂੰ ਮਿਲਿਆ ਹੈ | ਜਥੇਬੰਦੀ ਦੇ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਸਬ ਡਵੀਜ਼ਨਾਂ ਦੇ ਅਧਿਕਾਰੀ ਵੀ ਮੁਲਾਜ਼ਮਾਂ ਦੇ ਮਸਲੇ ਸੁਣਨ ਲਈ ਤਿਆਰ ਨਹੀਂ ਹਨ ਤੇ ਮਨਮਰਜ਼ੀ ਨਾਲ ਵਿਚਰਿਆ ਜਾ ਰਿਹਾ ਹੈ | ਹਾਜੀਪੁਰ ਸਬ ਡਵੀਜ਼ਨ ਦਾ ਕੰਮ ਭੰਗਾਲੇ ਦੇ ਐਸ. ਡੀ. ਓ. ਤੇ ਦਾਤਾਰਪੁਰ ਦਾ ਕੰਮ ਤਲਵਾੜਾ ਦੇ ਉਪ ਮੰਡਲ ਅਧਿਕਾਰੀ ਨੂੰ ਦੇ ਕੇ ਸਮਾਂ ਟਪਾਇਆ ਜਾ ਰਿਹਾ ਹੈ | ਕੁੱਝ ਦਿਨਾ ਬਾਅਦ ਤਲਵਾੜਾ ਦੇ ਐਸ. ਡੀ. ਓ. ਦੀ ਸੇਵਾ ਮੁਕਤੀ ਉਪਰੰਤ ਇਹ ਦਫ਼ਤਰ ਵੀ ਖ਼ਾਲੀ ਹੋ ਜਾਵੇਗਾ | ਆਗੂ ਨੇ ਕਿਹਾ ਕਿ ਵਧੀਕ ਨਿਗਰਾਨ ਇੰਜੀਨੀਅਰ ਦੇ ਮੁਲਾਜ਼ਮਾਂ ਪ੍ਰਤੀ ਉਦਾਸੀਨ ਰਵੱਈਏ ਖ਼ਿਲਾਫ਼ 11 ਮਈ ਨੂੰ ਹਾਜੀਪੁਰ ਅੰਦਰ ਜਥੇਬੰਦੀ ਦੀ ਮੀਟਿੰਗ ਸੱਦੀ ਗਈ ਹੈ, ਜਿਸ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ |