ਤਲਵਾੜਾ-ਠਾਕੁਰ ਜੋਗਿੰਦਰ ਸਿੰਘ ਮਿਨਹਾਸ ਦਾ ਜਨਮ 15 ਜਨਵਰੀ, 1962 ਨੂੰ ਮਾਤਾ ਸ੍ਰੀਮਤੀ ਆਜੋਧਿਆ ਦੇਵੀ ਦੀ ਕੁੱਖੋਂ ਤੇ ਪਿਤਾ ਪਹਿਲਵਾਨ ਠਾ. ਰਘੁਨਾਥ ਸਿੰਘ ਮਿਨਹਾਸ ਦੇ ਘਰ ਪਿੰਡ ਪਲਾਹੜ ਵਿਖੇ ਹੋਇਆ | ਆਪ ਨੇ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਬਰਿੰਗਲੀ ਤੋਂ ਹਾਸਿਲ ਕੀਤੀ | ਇਸ ਤੋਂ ਬਾਅਦ ਬੀ. ਏ. ਦੀ ਪੜ੍ਹਾਈ ਸਨ 1982 ਵਿਚ ਡੀ. ਏ. ਵੀ. ਕਾਲਜ ਦੌਲਤਪੁਰ (ਹਿ. ਪ੍ਰ.) ਤੋਂ ਪੂਰੀ ਕੀਤੀ | ਫਿਰ ਠਾਕੁਰ ਮਿਨਹਾਸ ਨੇ ਆਪਣੇ ਪਿਤਾ ਦਾ ਸਾਰਾ ਕਾਰੋਬਾਰ ਸੰਭਾਲ ਲਿਆ | ਸਨ 1986 ਵਿਚ ਆਪ ਦਾ ਵਿਆਹ ਸ੍ਰੀਮਤੀ ਰਕਸ਼ਾ ਦੇਵੀ ਨਾਲ ਹੋਇਆ | ਆਪ ਨੇ ਰਾਜਨੀਤੀ ਵਿਚ ਆਪਣਾ ਪੈਰ ਰੱਖਦਿਆਂ ਹੋਇਆਂ 1994 ਵਿਚ ਬਲਾਕ ਸੰਮਤੀ ਦੀ ਚੋਣ ਜਿੱਤੀ | 1999 ਵਿਚ ਆਪ ਸ਼੍ਰੋਮਣੀ ਅਕਾਲੀ ਦਲ (ਬ) 'ਚ ਸ਼ਾਮਿਲ ਹੋ ਗਏ | 2000 'ਚ ਸਰਕਲ ਪ੍ਰਧਾਨ ਦੇ ਅਹੁਦੇ 'ਤੇ ਨਿਵਾਜੇ ਤੇ 15 ਵਰ੍ਹੇ ਸਰਕਲ ਪ੍ਰਧਾਨ ਰਹੇ | ਆਪ ਨੇ 5 ਵਰ੍ਹੇ ਪਿੰਡ ਪਲਾਹੜ ਵਾਸੀਆਂ ਦੀ ਬਤੌਰ ਸਰਪੰਚ ਸੇਵਾ ਵੀ ਕੀਤੀ | ਆਪ 20 ਵਰ੍ਹੇ ਟਰੱਕ ਯੂਨੀਅਨ ਤਲਵਾੜਾ ਦੇ ਪ੍ਰਧਾਨ ਵੀ ਰਹੇ | ਆਪ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਵੀ ਰਹੇ | ਸ਼੍ਰੋਮਣੀ ਅਕਾਲੀ ਦਲ (ਬ) ਨੇ 2022 'ਚ ਪੀ. ਏ. ਸੀ. ਮੈਂਬਰ ਸ਼੍ਰੋਮਣੀ ਅਕਾਲੀ ਦਲ (ਬ) ਬਣਾ ਦਿੱਤਾ ਗਿਆ | ਆਪ ਦੇ ਘਰ 2 ਸਪੁੱਤਰਾਂ ਤੇ 3 ਸਪੁੱਤਰੀਆਂ ਨੇ ਜਨਮ ਲਿਆ | ਆਪ ਨੇ ਆਪਣੇ ਸਵ. ਪਿਤਾ ਪਹਿਲਵਾਨ ਠਾਕੁਰ ਰਘੁਨਾਥ ਸਿੰਘ ਮਿਨਹਾਸ ਦੀ ਪਵਿੱਤਰ ਤੇ ਨਿੱਘੀ ਯਾਦ ਵਿਚ ਸਪੋਰਟਸ ਤੇ ਸੱਭਿਆਚਾਰਕ ਮੇਲਾ ਲਗਾਤਾਰ 20 ਵਰ੍ਹੇ ਕਰਵਾਇਆ | ਆਪ ਅੱਜ ਦੇ ਦਿਨ ਆਪਣੇ ਪਰਿਵਾਰ ਤੇ ਸਮੂਹ ਖੇਤਰ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਅੱਜ ਆਪ ਦੀ ਚੌਥੀ ਬਰਸੀ ਤੇ ਸਮੂਹ ਹਲਕਾ ਨਿਵਾਸੀ ਆਪ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੰਕਲਪ ਲੈਂਦੇ ਹੋਏ ਆਪਣੇ-ਆਪਣੇ ਸ਼ਰਧਾਸੁਮਨ ਭੇਟ ਕਰਦੇ ਹਨ | -ਮਨੀਸ਼ਾ ਮਹਿਤਾ