ਮੁਕੇਰੀਆਂ, 11 ਮਈ (ਰਾਮਗੜ੍ਹੀਆ)-ਯੁਵਾ ਵਿੰਗ ਨੇ ਮੁਕੇਰੀਆਂ 'ਚ ਭਾਜਪਾ ਦਫ਼ਤਰ ਦੇ ਬਾਹਰ ਧਰਨਾ ਦਿੱਤਾ, ਜਿਸ 'ਚ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਮੁਕੇਰੀਆਂ ਯੂਥ ਪ੍ਰਧਾਨ ਅਮਨ ਠਾਕੁਰ ਡਡ ਨੇ ਕਿਹਾ ਕਿ ਜੇਕਰ ਭਾਜਪਾ ਈ. ਡੀ. ਨਾਲ ਮਿਲ ਕੇ ਏਜੰਸੀਆਂ ਦੀ ਦੁਰਵਰਤੋਂ ਜਾਰੀ ਰੱਖਦੀ ਹੈ ਤਾਂ ਨੌਜਵਾਨ ਇਸ ਦਾ ਸਖ਼ਤ ਵਿਰੋਧ ਕਰਨਗੇ ਤੇ ਭਾਜਪਾ ਦਫ਼ਤਰ ਦੇ ਬਾਹਰ ਸਥਾਈ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਮਨਵੀਰ ਚੰਬੜ ਨੇ ਕਿਹਾ ਕਿ ਭਾਜਪਾ ਈ. ਡੀ. ਦੀ ਦੁਰਵਰਤੋਂ ਕਰਕੇ ਦੂਜੇ ਰਾਜਾਂ ਵਿਚ ਸਰਕਾਰ ਬਣਾ ਸਕਦੀ ਹੈ ਜਾਂ ਦਬਾਅ ਬਣਾ ਸਕਦੀ ਹੈ ਪਰ ਪੰਜਾਬ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਇਥੇ ਧਰਮ ਦੇ ਨਾਂਅ 'ਤੇ ਲੋਕਾਂ ਨੂੰ ਵੰਡ ਕੇ, ਡਰਾ ਧਮਕਾ ਕੇ ਸਰਕਾਰ ਨਹੀਂ ਬਣਾਈ ਜਾ ਸਕਦੀ | ਵਿਰੋਧ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਨੇ ਬੀ. ਜੇ. ਪੀ. ਮੁਰਦਾਬਾਦ, ਈ. ਡੀ. ਦੀ ਦੁਰਵਰਤੋਂ ਬੰਦ ਕਰੋ ਅਤੇ ਪੰਜਾਬ ਏਕਤਾ ਜ਼ਿੰਦਾਬਾਦ ਵਰਗੇ ਬੈਨਰ ਤੇ ਤਖ਼ਤੀਆਂ ਫੜ ਕੇ ਵਿਰੋਧ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਇਲਾਕੇ ਦੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਇਸ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ ਅਤੇ ਆਪਣਾ ਸਮਰਥਨ ਦਿੱਤਾ |