ਹੁਸ਼ਿਆਰਪੁਰ, 19 ਮਈ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਡਾ. ਮਨਦੀਪ ਕਮਲ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਲੋਂ ਇੱਕ ਵਾਰ ਫਿਰ ਮਨੁੱਖਤਾ, ਤਤਪਰਤਾ ਅਤੇ ਸੇਵਾ ਭਾਵਨਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ ਗਈ ਹੈ | ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਸਥਿਤ ਪਿੰਡ ਚੱਕ ਸਮਾਣਾ 'ਚ 3 ਸਾਲਾ ਬੱਚਾ ਗੁਰਕਰਨ ਸਿੰਘ, ਜੋ ਖੇਡਦੇ ਸਮੇਂ ਖੇਤਾਂ 'ਚ ਬਣੇ ਬੋਰਵੈੱਲ 'ਚ ਡਿਗ ਗਿਆ ਸੀ, ਨੂੰ ਗੰਭੀਰ ਹਾਲਤ 'ਚ ਤੁਰੰਤ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ ਸੀ | ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਪਹਿਲ ਦੇ ਆਧਾਰ 'ਤੇ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ | ਹਸਪਤਾਲ ਪਹੁੰਚਦੇ ਹੀ ਡਾਕਟਰਾਂ ਦੀ ਟੀਮ ਵਲੋਂ ਬੱਚੇ ਦੀ ਤੁਰੰਤ ਮੈਡੀਕਲ ਜਾਂਚ ਕੀਤੀ ਗਈ ਅਤੇ ਉਸ ਦੀ ਸਥਿਤੀ ਨੂੰ ਦੇਖਦੇ ਹੋਏ ਲੋੜੀਂਦਾ ਇਲਾਜ ਸ਼ੁਰੂ ਕੀਤਾ ਗਿਆ | ਬੱਚੇ ਦੀ ਸਿਹਤ 'ਤੇ ਲਗਾਤਾਰ ਨਿਗਰਾਨੀ ਰੱਖੀ ਗਈ ਅਤੇ ਹਰ ਪਲ ਉਸ ਨੂੰ ਲੋੜੀਂਦੀ ਮੈਡੀਕਲ ਸਹਾਇਤਾ, ਦਵਾਈਆਂ ਅਤੇ ਦੇਖਭਾਲ ਪ੍ਰਦਾਨ ਕੀਤੀ ਗਈ | ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੋਰ ਸਿਹਤ ਕਰਮਚਾਰੀਆਂ ਵੱਲੋਂ ਪੂਰੀ ਮਿਹਨਤ, ਸਮਰਪਣ ਅਤੇ ਸਾਵਧਾਨੀ ਨਾਲ ਬੱਚੇ ਦੀ ਸੰਭਾਲ ਕੀਤੀ ਗਈ, ਜਿਸ ਕਾਰਨ ਉਸ ਦੀ ਸਿਹਤ ਵਿਚ ਲਗਾਤਾਰ ਸੁਧਾਰ ਆਉਂਦਾ ਰਿਹਾ | ਇਸ ਦੌਰਾਨ ਸਿਵਲ ਸਰਜਨ ਡਾ. ਮਨਦੀਪ ਕਮਲ ਖ਼ੁਦ ਹਸਪਤਾਲ ਪਹੁੰਚੇ ਅਤੇ ਬੱਚੇ ਦਾ ਹਾਲ-ਚਾਲ ਜਾਣਿਆ | ਕੱੁਝ ਦਿਨਾਂ ਤੱਕ ਚੱਲੇ ਇਲਾਜ ਅਤੇ ਡਾਕਟਰਾਂ ਦੀ ਵਿਸ਼ੇਸ਼ ਦੇਖਭਾਲ ਤੋਂ ਬਾਅਦ ਜਦੋਂ ਬੱਚਾ ਪੂਰੀ ਤਰ੍ਹਾਂ ਸਿਹਤਯਾਬ ਹੋ ਗਿਆ ਤਾਂ ਹਸਪਤਾਲ 'ਚ ਖ਼ੁਸ਼ੀ ਦਾ ਮਾਹੌਲ ਬਣ ਗਿਆ | ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ, ਡਾਕਟਰਾਂ ਅਤੇ ਸਟਾਫ਼ ਵਲੋਂ ਕੇਕ ਕੱਟ ਕੇ ਖ਼ੁਸ਼ੀ ਮਨਾਈ ਗਈ ਅਤੇ ਗੁਰਕਰਨ ਸਿੰਘ ਨੂੰ ਗਿਫ਼ਟ ਭੇਟ ਕਰਕੇ ਉਸ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਉਪਰੰਤ ਬੱਚੇ ਨੂੰ ਖ਼ੁਸ਼ੀ-ਖ਼ੁਸ਼ੀ ਉਸ ਦੇ ਪਰਿਵਾਰ ਸਮੇਤ ਘਰ ਜਾਣ ਲਈ ਆਗਿਆ ਦਿੱਤੀ ਗਈ | ਇਸ ਮੌਕੇ ਐਸ.ਐਮ.ਓ ਡਾ. ਨਵਜੋਤ ਸਿੰਘ, ਐਸ.ਐਮ.ਓ ਡਾ. ਨੇਹਾ ਪਾਲ, ਮਾਸ ਮੀਡੀਆ ਅਫ਼ਸਰ ਤਰਸੇਮ ਲਾਲ, ਚਾਈਲਡ ਸਪੈਸ਼ਲਿਸਟ ਡਾ. ਰਣਵੀਰ ਕੌਰ, ਡਾ. ਨਿਤਿਨ ਗੰਗਡ ਅਤੇ ਚੀਫ਼ ਫਾਰਮਾਸਿਸਟ ਜਤਿੰਦਰ ਸਿੰਘ ਵੀ ਹਾਜ਼ਰ ਸਨ | ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਸਿਹਤ ਵਿਭਾਗ ਦਾ ਦਿਲੋਂ ਧੰਨਵਾਦ ਕੀਤਾ ਗਿਆ |
ਬੋਰਵੈੱਲ 'ਚ ਡਿਗੇ ਬੱਚੇ ਗੁਰਕਰਨ ਸਿੰਘ ਨੂੰ ਜ਼ਿਲ੍ਹਾ ਹਸਪਤਾਲ ਨੇ ਸਫਲ ਇਲਾਜ ਉਪਰੰਤ ਘਰ ਭੇਜਿਆ
ਅਜੀਤ ਡੈਸਕ
20-05-2026