ਟਾਂਡਾ ਉੜਮੁੜ, 4 ਜੂਨ (ਦੀਪਕ ਬਹਿਲ)-ਘੱਲੂਘਾਰਾ ਜੂਨ 84 ਦੇ ਸ਼ਹੀਦਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ 6 ਜੂਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ 13 ਜੂਨ ਨੂੰ ਫਗਵਾੜਾ ਵਿਖੇ ਬੇਗਮਪੁਰਾ ਪੰਥਕ ਇਕੱਠ ਨੂੰ ਕਾਮਯਾਬ ਕਰਨ ਲਈ ਸ. ਇਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਦੁਆਬੇ ਵਿਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ | ਇਸੇ ਤਹਿਤ ਉਨ੍ਹਾਂ ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੇ ਪਿਤਾ ਤੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ | ਇਸ ਸਮੇਂ ਇਮਾਨ ਸਿੰਘ ਮਾਨ ਨੇ ਕਿਹਾ ਕਿ ਇੰਡੀਅਨ ਸਟੇਟ ਨੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰਕੇ ਅਣਪਛਾਤੇ ਕਰਾਰ ਦੇ ਕੇ ਉਨ੍ਹਾਂ ਦਾ ਸੰਸਕਾਰ ਕਰ ਦਿੱਤਾ ਸੀ ਪਰ ਭਾਈ ਜਸਵੰਤ ਸਿੰਘ ਖਾਲੜਾ ਨੇ ਅਣਪਛਤੀਆਂ ਲਾਸ਼ਾਂ ਨੂੰ ਪਛਾਣ ਦੇ ਕੇ ਪਰਿਵਾਰਾਂ ਲਈ ਇਨਸਾਫ ਦੀ ਵੱਡੀ ਕੋਸ਼ਿਸ਼ ਕੀਤੀ ਸੀ ਪਰ ਸਟੇਟ ਨੇ ਜਬਰ ਕਰਦਿਆਂ ਹੋਇਆ ਉਨ੍ਹਾਂ ਨੂੰ ਸ਼ਹੀਦ ਕਰਕੇ ਉਨ੍ਹਾਂ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ | ਇਸੇ ਤਰ੍ਹਾਂ 1987 ਵਿਚ ਭਾਈ ਸਰਬਜੀਤ ਸਿੰਘ ਜੌਹਲ ਨੂੰ ਤਰਨ ਤਰਨ ਦੀ ਪੁਲਿਸ ਵਲੋਂ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ ਵਿਚ ਸ਼ਹੀਦ ਕਰ ਕੇ ਅਣਪਛਾਤੇ ਕਹਿ ਕੇ ਸਸਕਾਰ ਕਰਨ ਲੱਗੇ ਸਨ ਪਰ ਉਨ੍ਹਾਂ ਦੇ ਪਿਤਾ ਜਥੇਦਾਰ ਬਲਵੀਰ ਸਿੰਘ ਜੌਹਲ ਤੇ ਸਾਥੀਆਂ ਨੇ ਪੁਲਿਸ ਨੂੰ ਉਨ੍ਹਾਂ ਦਾ ਸਸਕਾਰ ਕਰਨ ਤੋਂ ਰੋਕ ਦਿੱਤਾ ਅਤੇ ਭਾਈ ਸਰਬਜੀਤ ਸਿੰਘ ਦੀ ਲਾਸ਼ ਨੂੰ ਪ੍ਰਾਪਤ ਕੀਤਾ | ਇਸ ਸਮੇਂ ਡਾ. ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ 13 ਜੂਨ ਨੂੰ ਫਗਵਾੜੇ ਵਿਖੇ ਬੇਗਮਪੁਰਾ ਪੰਥਕ ਇਕੱਠ ਵਿਚ ਵੱਡੀ ਪੱਧਰ 'ਤੇ ਸ਼ਾਮਿਲ ਹੋਣ ਦੀ ਸੰਗਤਾਂ ਨੂੰ ਬੇਨਤੀ ਕੀਤੀ | ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ, ਸੰਦੀਪ ਸਿੰਘ ਖਾਲਸਾ ਟਾਂਡਾ, ਬੀਬੀ ਸੁਖਜੀਤ ਕੌਰ ਫਗਵਾੜਾ, ਅਮਨਦੀਪ ਸਿੰਘ ਜੌਹਲ, ਮਨਜਿੰਦਰ ਸਿੰਘ ਜੌਹਲਾਂ, ਹਰਭਜਨ ਸਿੰਘ ਜੌਹਲ, ਗੁਰਮੇਲ ਸਿੰਘ ਜੌਹਲ, ਅਮਰਜੀਤ ਸਿੰਘ ਨਿੱਕਾ, ਪਰਮਿੰਦਰ ਸਿੰਘ ਖ਼ਾਲਸਾ ਜੌਹਲ, ਚਰਨਜੀਤ ਸਿੰਘ ਜੌਹਲ, ਮਨਦੀਪ ਕੌਰ ਜੌਹਲ, ਗੁਰਦੀਪ ਕੌਰ ਜੌਹਲ, ਸੁਰਿੰਦਰ ਕੌਰ ਜੌਹਲ, ਬਲਜੀਤ ਕੌਰ ਜੌਹਲ, ਕੁਲਜੀਤ ਕੌਰ ਜੌਹਲ ਆਦਿ ਹਾਜ਼ਰ ਸਨ |