ਗੜ੍ਹਸ਼ੰਕਰ, 7 ਜੂਨ (ਧਾਲੀਵਾਲ)-ਗੜ੍ਹਸ਼ੰਕਰ ਦੇ ਪੁਰਾਣੇ ਕਾਂਗਰਸੀਆਂ ਵਲੋਂ ਇਥੇ ਇਕ ਮੀਟਿੰਗ ਕਰਦਿਆਂ ਪਾਰਟੀ ਦੇ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦਿਆਂ ਹਲਕੇ 'ਚ ਕਾਂਗਰਸ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਤੇ ਪਾਰਟੀ ਦੀ ਮਜ਼ਬੂਤੀ ਲਈ 21 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ | ਮੀਟਿੰਗ 'ਚ ਕਾਂਗਰਸੀਆਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੜ੍ਹਸ਼ੰਕਰ 'ਚ 1987, 1992 ਤੇ 2022 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ 2017 ਦੇ ਮੁਕਾਬਲੇ 2022 'ਚ ਪਾਰਟੀ ਨੂੰ ਘੱਟ ਵੋਟਾਂ ਪ੍ਰਾਪਤ ਹੋਈਆਂ | ਉਨ੍ਹਾਂ ਇਸ ਸਥਿਤੀ ਲਈ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਦੱਸਿਆ | ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਤਾਂ ਹਰ ਪਿੰਡ ਤੇ ਘਰ-ਘਰ ਜਾ ਵੋਟਾਂ ਮੰਗੀਆਂ ਜਾਂਦੀਆਂ ਹਨ, ਪਰ ਚੋਣਾਂ ਤੋਂ ਬਾਅਦ ਵਰਕਰਾਂ ਤੇ ਵੋਟਰਾਂ ਦੀ ਸਾਰ ਲੈਣ ਲਈ ਕੋਈ ਨਹੀਂ ਪਹੁੰਚਦਾ | ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਣ 'ਤੇ ਹੀ ਆਗੂਆਂ ਦੀ ਸਰਗਰਮੀ ਨਜ਼ਰ ਆਉਂਦੀ ਹੈ | ਬੁਲਾਰਿਆਂ ਨੇ ਇਹ ਵੀ ਦੋਸ਼ ਲਗਾਇਆ ਕਿ ਪਹਿਲੀ ਵਾਰ ਹੋਇਆ ਹੈ ਨਗਰ ਕੌਂਸਲ ਗੜ੍ਹਸ਼ੰਕਰ ਤੇ ਨਗਰ ਪੰਚਾਇਤ ਮਾਹਿਲਪੁਰ ਦੀਆਂ ਚੋਣਾਂ 'ਚ ਬਹੁਤੇ ਉਮੀਦਵਾਰਾਂ ਦਾ ਜ਼ਮਾਨਤ ਜ਼ਬਤ ਹੋ ਗਈ | ਬਲਾਕ ਸੰਮਤੀ ਦੀਆਂ 34 ਸੀਟਾਂ 'ਚੋਂ ਸਿਰਫ਼ 6 ਸੀਟਾਂ 'ਤੇ ਜਿੱਤ ਹਾਸਿਲ ਹੋਈ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚਾਰੇ ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਲਈ ਉਨ੍ਹਾਂ ਗ਼ਲਤ ਰਣਨੀਤੀ ਤੇ ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਠਹਿਰਾਇਆ | ਮੀਟਿੰਗ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਵਿਧਾਇਕ ਬਣਾਉਣ ਲਈ ਪਾਰਟੀ ਦੀ ਏਕਤਾ ਯਕੀਨੀ ਬਣਾਉਣ ਦੀ ਗੱਲ ਕਰਦਿਆਂ ਹਲਕੇ ਤੋਂ ਬਾਹਰ ਦੇ ਉਮੀਦਵਾਰ ਨੂੰ ਸਵੀਕਾਰ ਨਾ ਕਰਨ ਤੇ ਸਥਾਨਕ ਉਮੀਦਵਾਰ ਨੂੰ ਹੀ ਟਿਕਟ ਦੇਣ ਦੀ ਮੰਗ ਹਾਈਕਮਾਨ ਕੋਲ ਉਠਾਉਣ ਦਾ ਫ਼ੈਸਲਾ ਲਿਆ | ਇਸ ਮੌਕੇ ਪਾਰਟੀ ਦੀਆਂ ਗਤੀਵਿਧੀਆਂ ਤੇ ਵਰਕਰਾਂ ਦੇ ਸੁਝਾਵਾਂ ਬਾਰੇ ਹਾਈਕਮਾਨ ਨੂੰ ਵਿਸਥਾਰਤ ਰਿਪੋਰਟ ਭੇਜਣ ਲਈ 21 ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ | ਮੀਟਿੰਗ 'ਚ ਹਰਵੇਲ ਸੈਣੀ, ਆਰ. ਪੀ. ਸੋਨੀ, ਨਰਿੰਦਰ ਮੋਹਣ ਨਿੰਦੀ, ਠਾਕੁਰ ਬਲਵੀਰ ਸਿੰਘ ਸਾਬਕਾ ਪ੍ਰਧਾਨ, ਸਰਿਤਾ ਸ਼ਰਮਾ, ਕੁਲਵਿੰਦਰ ਬਿੱਟੂ, ਠੇਕੇਦਾਰ ਕੁਲਭੂਸ਼ਨ ਸ਼ੋਰੀ, ਵਰਿੰਦਰ ਮਿੰਟੂ ਸਮੁੰਦੜਾ, ਮੋਹਣ ਸਿੰਘ ਥਿਆੜਾ, ਪਵਨ ਕੁਮਾਰ ਭੰਮੀਆਂ, ਰਵੀ ਮਹਿਤਾ, ਰਸ਼ਪਾਲ ਸਿੰਘ ਪਾਲੀ, ਨੰਬਰਦਾਰ ਜਰਨੈਲ ਸਿੰਘ ਸੈਲਾ, ਲਾਲ ਚੰਦ ਲਾਲੀ, ਥਾਣੇਦਾਰ ਬਖ਼ਸ਼ੀਸ਼ ਸਿੰਘ, ਜ਼ੈਲਦਾਰ ਜਸਕਰਨ ਸਿੰਘ, ਮਹਿੰਦਰ ਸਿੰਘ ਪੁਰਖੋਵਾਲ, ਹਰਵਿੰਦਰ ਹਰਮਨ, ਡਾ. ਸੁਨੀਤਾ, ਜਸਵੰਤ ਸਿੰਘ ਰੁੜਕੀਖਾਸ, ਨਿਰਮਲ ਸਿੰਘ ਬੋਈ, ਰੋਹਿਤ ਸ਼ਰਮਾ, ਅਮਨਜੀਤ ਸਿੰਘ ਰਾਜਾ, ਗੁਰਵਿੰਦਰ ਸਿੰਘ ਬੈਂਸ ਰਸੂਲਪੁਰ, ਰਣਵੀਰ ਸਿੰਘ ਚੌਹੜਾ, ਜਗਦੀਸ਼ ਸਿੰਘ ਦੇਨੋਵਾਲ ਕਲਾਂ, ਪਿਆਰਾ ਸਿੰਘ ਗੋਗੋਂ, ਨਿਰਮਲ ਸਿੰਘ, ਯਾਰਾ ਸਿੰਘ, ਕਸ਼ਮੀਰ ਸਿੰਘ ਚਾਹਲਪੁਰ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਤੇਜਪਾਲ ਸਿੰਘ, ਜਗਮੀਤ ਸਿੰਘ ਤੇ ਹੋਰ ਹਾਜ਼ਰ ਹੋਏ |