ਆਂਗਣਵਾੜੀ ’ਚ ਬੱਚਿਆਂ ਦੇ ਭੋਜਨ ਵਿਚ ਘਪਲੇ ਦਾ ਸ਼ੱਕ, ਸ਼ੰਭੂ ਨਾਥ ਭਾਰਤੀ ਨੇ ਕੀਤੀ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ
ਭੰਗਾਲਾ, 29 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਸੋਸ਼ਲ ਵਰਕਰ ਤੇ ਭਾਜਪਾ ਦੇ ਸੀਨੀਅਰ ਨੇਤਾ ਸ਼ੰਭੂ ਨਾਥ ਭਾਰਤੀ ਨੇ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਮਿਸ਼ਨ ਸਮਰੱਥ ਆਂਗਣਵਾੜੀ ਅਤੇ ਪੋਸ਼ਣ 2. 0 ਯੋਜਨਾ ਤਹਿਤ ਸਪਲਾਈ ਕੀਤੇ ਜਾ ਰਹੇ ਫੋਰਟੀਫਾਈਡ ਭੋਜਨ ਵਿੱਚ ਗੰਭੀਰ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ ਤੇ ਪੂਰੇ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਭੰਗਾਲਾ, 29 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਸੋਸ਼ਲ ਵਰਕਰ ਤੇ ਭਾਜਪਾ ਦੇ ਸੀਨੀਅਰ ਨੇਤਾ ਸ਼ੰਭੂ ਨਾਥ ਭਾਰਤੀ ਨੇ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਮਿਸ਼ਨ ਸਮਰੱਥ ਆਂਗਣਵਾੜੀ ਅਤੇ ਪੋਸ਼ਣ 2.0 ਯੋਜਨਾ ਤਹਿਤ ਸਪਲਾਈ ਕੀਤੇ ਜਾ ਰਹੇ ਫੋਰਟੀਫਾਈਡ ਭੋਜਨ ਵਿੱਚ ਗੰਭੀਰ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ ਤੇ ਪੂਰੇ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਸ਼ੰਭੂ ਨਾਥ ਭਾਰਤੀ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਲਈ ਕਰੋੜਾਂ ਰੁਪਏ ਭੇਜ ਰਹੇ ਹਨ, ਪਰ ਪੰਜਾਬ ਸਰਕਾਰ ਉਸ ਪੈਸੇ ਦੀ ਸਹੀ ਵਰਤੋਂ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 6 ਮਹੀਨੇ ਤੋਂ 3 ਸਾਲ ਦੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿੱਠੇ ਦਲੀਆ ਪ੍ਰੀਮਿਕਸ ਅਤੇ ਸੁੱਕੀ ਖਿਚੜੀ ਪ੍ਰੀਮਿਕਸ ਅਤੇ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਦਿੱਤੀ ਜਾਣ ਵਾਲੀ ਸੁੱਕੀ ਖਿਚੜੀ ਦੇ ਪੈਕਟ ਉੱਤੇ ਫੋਰਟੀਫਾਈਡ ਕਣਕ ਜਾਂ ਚੌਲਾਂ ਵਿੱਚ ਵਰਤੇ ਜਾਣ ਵਾਲੇ ਵਿਟਾਮਿਨ ਤੇ ਮਿਨਰਲ ਦੇ ਨਾਂ ਤੱਕ ਨਹੀਂ ਲਿਖੇ ਹਨ। ਫੋਰਟੀਫਿਕੇਸ਼ਨ ਨੂੰ ਪ੍ਰਮਾਣਿਤ ਕਰਨ ਵਾਲੀ ਕਿਸੇ ਵੀ ਸੰਸਥਾ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ। ਇਸ ਨਾਲ ਇਹ ਗੰਭੀਰ ਸ਼ੰਕਾ ਪੈਦਾ ਹੁੰਦੀ ਹੈ ਕਿ ਕੀ ਇਹ ਭੋਜਨ ਅਸਲ ਵਿੱਚ ਫੋਰਟੀਫਾਈਡ ਹੈ ਵੀ ਜਾਂ ਸਿਰਫ਼ ਕਾਗ਼ਜ਼ਾਂ ਵਿੱਚ ਹੀ ਫੋਰਟੀਫਾਈਡ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ, ਸਬੰਧਤ ਖਾਦ ਸਮੱਗਰੀ ਦੇ ਨਮੂਨੇ ਕਿਸੇ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਤੋਂ ਜਾਂਚ ਕਰਵਾਏ ਜਾਣ, ਵਿਟਾਮਿਨ ਅਤੇ ਮਿਨਰਲ ਦੀ ਅਸਲ ਮਾਤਰਾ ਦੀ ਪੁਸ਼ਟੀ ਕੀਤੀ ਜਾਵੇ ਅਤੇ ਵਿਭਾਗ ਦੀ ਟੈਸਟ ਰਿਪੋਰਟ, ਲੈਬ ਰਿਪੋਰਟ ਅਤੇ ਖਰੀਦ ਰਿਕਾਰਡ ਦੀ ਵੀ ਡੂੰਘੀ ਜਾਂਚ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਜਾਂਚ ਵਿੱਚ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ, ਤਾਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਮਾਮਲਾ ਪੰਜਾਬ ਦੇ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੈ।