ਲੋਹਟਬੱਦੀ, 13 ਫਰਵਰੀ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀਆਂ ਬੇਨਿਯਮੀਆਂ ਅਤੇ ਲੋਕ ਮਾਰੂ ਫ਼ੈਸਲਿਆਂ ਤੋਂ ਅੱਕੇ ਲੋਕ ਆਗਾਮੀ ਵਿਧਾਨ ਸਭਾ ਚੋਣਾਂ-2027 ਦਰਮਿਆਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦੀ ਵਜ਼ਾਰਤ ਦਾ ਰਾਹ ਦੇਖ ਰਹੇ ਹਨ | ਪੰਜਾਬ ਦੀ ਆਰਥਿਕਤਾ ਅਤੇ ਨੌਜਵਾਨੀ ਨੂੰ ਕੋਈ ਸਹੀ ਸੇਧ ਦੇਣ 'ਚ ਅਸਫ਼ਲ ਰਹੀ 'ਆਪ' ਸਰਕਾਰ ਸਿਰਫ਼ ਗੱਲਾਂ ਦਾ ਕੜਾਹ ਬਣਾ ਕੇ ਪਰੋਸ ਰਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਖੇਤਰੀ ਪਾਰਟੀ ਹੋਣ ਕਾਰਨ ਆਪਸੀ ਭਾਈਚਾਰਕ ਸਾਂਝਾਂ, ਰਿਸ਼ਤਿਆਂ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਹਮੇਸ਼ਾਂ ਹੀ ਮੁੱਦਈ ਰਹੀ ਹੈ | ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਕੀਤਾ | ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦਿਨੋਂ ਦਿਨ ਹੋਰ ਮਜ਼ਬੂਤ ਹੋ ਰਿਹਾ ਹੈ | ਹਾਲ ਹੀ 'ਚ ਪਾਰਟੀ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਢਲੇ ਦੌਰ 'ਚ 40 ਹਲਕਿਆਂ ਅੰਦਰ ਤੈਅ ਕੀਤੀਆਂ ਰੈਲੀਆਂ ਸਮੁੁੱਚੇ ਪੰਜਾਬ ਦੀ ਸਿਆਸੀ ਫਿਜ਼ਾ ਨੂੰ ਬਦਲ ਕੇ ਅਕਾਲੀ ਸਰਕਾਰ ਦਾ ਮੁੱਢ ਬੰਨਣਗੀਆਂ | ਲੋਕਾਂ ਦਾ ਹੋਣ ਵਾਲਾ ਵੱਡਾ ਇਕੱਠ ਵਿਰੋਧੀਆਂ ਨੂੰ ਸੋਚੀਂ ਪਾਏਗਾ | ਦੂਜੇ ਪਾਸੇ ਉਨਾਂ ਕਿਹਾ ਕਿ ਪਿਛਲੀਆਂ ਚੋਣਾਂ ਸਮੇਂ ਅਕਾਲੀ ਦਲ ਨੂੰ ਪਿਛਾਂਹ ਧੱਕਣ ਲਈ ਕੂੜ ਪ੍ਰਚਾਰ ਕਰਨ ਵਾਲੀਆਂ ਵੱਖ-ਵੱਖ ਰਾਜਸੀ ਧਿਰਾਂ ਅੱਜ ਖੁਦ ਪਾਟੋਧਾੜ ਦਾ ਸ਼ਿਕਾਰ ਹਨ ਅਤੇ ਕੋਈ ਵੀ ਲੋਕ ਪੱਖੀ ਏਜੰਡਾ ਨਾ ਹੋਣ ਕਾਰਨ ਵੋਟਰਾਂ ਦੀ ਕਚਹਿਰੀ 'ਚ ਜਾਣ ਤੋਂ ਅਸਮਰੱਥ ਹਨ | ਸੰਧੂ ਨੇ ਕਿਹਾ ਕਿ ਰਾਜ ਨਹੀਂ ਸੇਵਾ ਦਾ ਸਿਧਾਂਤ ਲੈ ਕੇ ਕੰਮ ਕਰਨ ਵਾਲੇ ਸ਼੍ਰੋ.ਅ.ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਹੀ ਲੋਕਾਂ ਦੇ ਜਾਤੀ-ਜਮਾਤੀ ਕੰਮਾਂ ਨੂੰ ਮੋਢਾ ਲਾਇਆ | ਕੁਦਰਤੀ ਆਫ਼ਤ ਹੜਾਂ ਦਾ ਸ਼ਿਕਾਰ ਹੋਏ ਪੰਜਾਬ ਦੇ ਵੱਡੇ ਹਿੱਸੇ 'ਚ ਸਰਕਾਰਾਂ ਅਜੇ ਤੱਕ ਲੋਕਾਂ ਨੂੰ ਮੁਆਵਜ਼ਾ ਨਹੀਂ ਦੇ ਸਕੀਆਂ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਹੜਾਂ ਦਰਮਿਆਨ ਹੀ ਸੂਬੇ ਦੇ ਕੋਨੇ-ਕੋਨੇ 'ਚ ਜਾ ਕੇ ਪੀੜਤਾਂ ਨੂੰ ਵੱਡੀ ਸਹਾਇਤਾ ਦਿੱਤੀ |