ਹੰਬੜਾਂ, 17 ਫਰਵਰੀ (ਮੇਜਰ ਹੰਬੜਾਂ)-ਪਿਛਲੇ ਦਿਨਾਂ ਤੋਂ ਪਿੰਡ ਖਹਿਰਾ ਬੇਟ ਵਿਖੇ ਰੇਤ ਮਾਫੀਏ ਵਿਰੁੱਧ ਲੱਗੇ ਪੱਕੇ ਧਰਨੇ 'ਚ ਪੁੱਜੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਖੜੇ੍ਹ ਹਾਂ ਤੇ ਕਿਸੇ ਵੀ ਕੀਮਤ 'ਤੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਇੱਥੇ ਰੇਤਾ ਚੁੱਕੇ ਜਾਣਾ ਗੈਰ-ਕਾਨੂੰਨੀ ਹੈ | ਵਿਧਾਇਕ ਇਯਾਲੀ ਨੇ ਕਿਹਾ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਬੰਨ੍ਹ ਨੇੜੇ ਰੇਤਾ ਚੁੱਕੇ ਜਾਣ ਵਰਗੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਾਂਗੇ, ਕਿਸੇ ਵੀ ਪਿੰਡ ਵਾਸੀ ਅਤੇ ਇਲਾਕੇ ਦੇ ਲੋਕਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ | ਸ. ਇਯਾਲੀ ਅਤੇ ਸ. ਸ਼ਿਵਾਲਿਕ ਨੇ ਪੀੜਤ ਲੋਕਾਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ, ਕਿਉਂਕਿ ਇੱਥੇ ਬੰਨ੍ਹ ਦੀ ਸਥਿਤੀ ਪਹਿਲਾਂ ਹੀ ਕਮਜ਼ੋਰ ਚੱਲ ਰਹੀ ਹੈ ਤੇ ਸਰਕਾਰ ਤੇ ਪ੍ਰਸ਼ਾਸਨ ਇਥੋਂ ਰੇਤਾ ਚੁੱਕੇ ਜਾਣ ਤੋਂ ਪਹਿਲਾਂ ਬੰਨ੍ਹ ਨੂੰ ਮਜ਼ਬੂਤ ਕਰੇ | ਵਿਧਾਇਕ ਇਯਾਲੀ ਨੇ ਜ਼ੋਰ ਦੇ ਕੇ ਕਿਹਾ ਕਿ ਮੇਰੇ ਵਲੋਂ ਸਮੇਂ-ਸਮੇਂ 'ਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੰਨ੍ਹਾਂ ਦੀ ਮਜ਼ਬੂਤੀ ਲਈ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਬੰਨ੍ਹਾਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ, ਕਿਉਂਕਿ ਕੁਝ ਸਮਾਂ ਹੀ ਸਰਕਾਰ ਕੋਲ ਬੰਨ੍ਹਾਂ ਦੀ ਮਜ਼ਬੂਤੀ ਦਾ ਬਚਿਆ ਹੈ, ਮੁੜਕੇ ਦਰਿਆ ਵਿਚ ਪਾਣੀ ਭਰ ਜਾਵੇਗਾ ਤੇ ਇੱਥੇ ਬੰਨ੍ਹਾਂ 'ਤੇ ਕੰਮ ਕੀਤੇ ਜਾਣ ਵਿਚ ਦਿੱਕਤਾਂ ਆ ਸਕਦੀਆਂ ਹਨ | ਉਨ੍ਹਾਂ ਲੋਕਾਂ ਨੂੰ ਪੂਰਨ ਤੌਰ 'ਤੇ ਵਿਸ਼ਵਾਸ ਦਿਵਾਇਆ ਕਿ ਉਹ ਇਲਾਕੇ ਦੇ ਲੋਕਾਂ ਨਾਲ ਚੱਟਾਨ ਵਾਂਗ ਖੜੇ੍ਹ ਹਨ | ਧਰਨੇ ਦੀ ਅਗਵਾਈ ਕਰ ਰਹੇ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ ਨੇ ਵਿਧਾਇਕ ਇਯਾਲੀ ਤੇ ਸਾਬਕਾ ਵਿਧਾਇਕ ਸ਼ਿਵਾਲਿਕ ਨੂੰ ਦਰਿਆ ਦੀ ਮੌਜੂਦਾ ਸਥਿੱਤੀ ਤੋਂ ਜਾਣੂੰ ਕਰਵਾਇਆ ਤੇ ਦੱਸਿਆ ਕਿ ਕਿਸ ਤਰ੍ਹਾਂ ਮਹਿਲਾਵਾਂ ਸਮੇਤ ਬਜ਼ੁਰਗ ਤੇ ਇਲਾਕੇ ਤੇ ਪਿੰਡ ਦੇ ਲੋਕ ਠੰਢ ਵਿਚ ਦਿਨ-ਰਾਤ ਧਰਨੇ 'ਚ ਬੈਠ ਕੇ ਰਾਤਾਂ ਕੱਟਣ ਲਈ ਮਜ਼ਬੂਰ ਹਨ ਤੇ ਸਰਕਾਰ ਅਤੇ ਪ੍ਰਸ਼ਾਸਨ ਸਾਡੀ ਕੋਈ ਵੀ ਗੱਲ ਸੁਣਨ ਲਈ ਤਿਆਰ ਹੀਂ ਨਹੀਂ ਹੈ | ਧਰਨਾਕਾਰੀਆਂ ਨੇ 'ਆਪ' ਦੇ ਹਲਕਾ ਵਿਧਾਇਕ 'ਤੇ ਵੀ ਦੋਸ਼ ਲਗਾਏ ਕਿ ਉਹ ਸਾਡੀ ਸਾਰ ਲੈਣਾ ਭੁੱਲ ਚੁੱਕੇ ਹਨ, ਜਦੋਂ ਕਿ ਅਸੀਂ ਲੋਕਾਂ ਨੇ ਉਨ੍ਹਾਂ ਨੂੰ ਇਥੋਂ ਚੁਣਕੇ ਭੇਜਿਆ ਹੈ ਤੇ ਅੱਜ ਉਹ ਸਾਨੂੰ ਟਿੱਚ ਸਮਝ ਰਹੇ ਹਨ | ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਅਤੇ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਾਨੂੰ ਪਰਚਿਆਂ ਦੀਆਂ ਸਿੱਧੀਆਂ ਧਮਕੀਆਂ ਦੇ ਰਿਹਾ ਹੈ ਜਦੋਂ ਕਿ ਇੱਥੇ ਚੱਲਣ ਵਾਲੀ ਰੇਤੇ ਦੀ ਖੱਡ ਗੈਰ-ਕਾਨੂੰਨੀ ਹੈ ਤੇ ਜਿਸ ਲਈ ਇਲਾਕੇ ਭਰ ਦੇ ਲੋਕ ਪਿਛਲੇ ਦਿਨਾਂ ਤੋਂ ਰੋਸਮਈ ਧਰਨਾ ਦਿੱਤੇ ਜਾਣ ਲਈ ਮਜ਼ਬੂਰ ਹਨ | ਇਸ ਮੌਕੇ ਭੁਪਿੰਦਰਪਾਲ ਸਿੰਘ ਚਾਵਲਾ, ਮਨਪ੍ਰੀਤ ਸਿੰਘ ਗੇਜਾ, ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਰਣਵੀਰ ਸਿੰਘ ਸਿੱਧੂ ਖਹਿਰਾ ਬੇਟ, ਨੰਬਰਦਾਰ ਨਰਿੰਦਰ ਸਿੰਘ ਕਾਲੀ, ਪੰਚ ਗੁਰਦੀਪ ਸਿੰਘ, ਪੰਚ ਜਸਵਿੰਦਰ ਸਿੰਘ ਕਾਲਾ, ਜੁਗਰਾਜ ਸਿੰਘ, ਡਾ. ਪੂਰਨ ਸਿੰਘ, ਪ੍ਰਧਾਨ ਰਘਵੀਰ ਸਿੰਘ ਗਿੱਲ ਸਮੇਤ ਹੋਰ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ |
ਲੋਕਾਂ ਦੀ ਸਹਿਮਤੀ ਤੋਂ ਬਿਨਾਂ ਬੰਨ੍ਹ ਨੇੜੇ ਰੇਤਾ ਚੁੱਕੇ ਜਾਣ ਵਰਗੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਾਂਗੇ-ਇਯਾਲੀ/ਸ਼ਿਵਾਲਿਕ
ਅਜੀਤ ਡੈਸਕ
18-02-2026