05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

1974 ਦੇ ਤੇਲ ਦੀ ਬਲੈਕ ਵਿਰੋਧੀ ਸੰਘਰਸ਼ ਦੇ ਸ਼ਹੀਦ ਪਿਆਰਾ ਸਿੰਘ ਗਾਲਿਬ ਦੀ ਯਾਦਗਾਰ 'ਤੇ ਝੰਡਾ ਲਹਿਰਾਇਆ

ਅਜੀਤ ਡੈਸਕ 21-02-2026
• ਸਾਮਰਾਜੀ ਨੀਤੀਆਂ ਖ਼ਿਲਾਫ਼ ਕੱਲ੍ਹ ਸਥਾਨਕ ਹਲਕਾ ਵਿਧਾਇਕਾ ਦੇ ਘਰ ਅੱਗੇ ਧਰਨੇ ਦਾ ਐਲਾਨ
ਜਗਰਾਉਂ, 20 ਫਰਵਰੀ (ਗੁਰਦੀਪ ਸਿੰਘ ਮਲਕ)-1974 ਦੀ ਤੇਲ ਦੀ ਨਕਲੀ ਕਿੱਲਤ ਤੇ ਬਲੈਕ ਖ਼ਿਲਾਫ਼ ਪੰਜਾਬ ਵਾਹੀਕਾਰਾ ਯੂਨੀਅਨ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਤੇ ਕਾਂਗਰਸੀ ਹਕੂਮਤ ਦੇ ਰਾਜ 'ਚ ਪੁਲਿਸ ਵਲੋਂ ਗੋਲੀ ਚਲਾਏ ਜਾਣ ਨਾਲ ਜਗਰਾਉਂ ਸ਼ੇਰਪੁਰਾ ਰੇਲਵੇ ਫਾਟਕਾਂ 'ਤੇ ਗਾਲਿਬ ਪਿੰਡ ਦਾ ਕਿਸਾਨ ਦਾ ਸੀਰੀ ਮਜ਼ਦੂਰ ਪਿਆਰਾ ਸਿੰਘ ਸ਼ਹੀਦ ਹੋ ਗਿਆ ਸੀ | ਹਰ ਸਾਲ ਦੀ ਤਰ੍ਹਾਂ ਅੱਜ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ 'ਚ ਕਿਸਾਨਾਂ-ਮਜ਼ਦੂਰਾਂ ਨੇ ਸ਼ਹੀਦੀ ਯਾਦਗਾਰ 'ਤੇ ਲਾਲ ਝੰਡਾ ਲਹਿਰਾਉਣ ਦੀ ਇਨਕਲਾਬੀ ਰਸਮ ਅਦਾ ਕੀਤੀ | ਸ਼ਹੀਦ ਪਿਆਰਾ ਸਿੰਘ ਗਾਲਿਬ ਅਮਰ ਰਹੇ ਦੇ ਨਾਅਰਿਆਂ ਦੀ ਗੂੰਜ ਵਿਚ ਸ਼ਹੀਦ ਦੇ ਵੱਡੇ ਭਰਾ ਵਰਿਆਮ ਸਿੰਘ ਨੇ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ | ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਜਗਨ ਨਾਥ ਸੰਘਰਾਓ ਅਤੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਅਗਵਾਈ 'ਚ ਕਿਸਾਨਾਂ ਮਜ਼ਦੂਰਾਂ ਨੇ ਸਾਮਰਾਜੀ ਲੁੱਟ ਤੇ ਜ਼ਬਰ ਖ਼ਿਲਾਫ਼ ਸੰਘਰਸ਼ ਤੇਜ ਕਰਨ ਦਾ ਅਹਿਦ ਲਿਆ | ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਸ਼ਹੀਦ ਪਿਆਰਾ ਸਿੰਘ ਅਤੇ ਇਸੇ ਦਿਨ ਦਸ ਸਾਲ ਪਹਿਲਾਂ ਅੰਮਿ੍ਤਸਰ ਜ਼ਿਲੇ 'ਚ ਆਬਾਦਕਾਰ ਕਿਸਾਨਾਂ ਦੇ ਜ਼ਮੀਨੀ ਹੱਕਾਂ ਦੀ ਲੜਾਈ ਲੜਦੇ ਜ਼ਮੀਨ ਮਾਫੀਆ ਵਲੋਂ ਸ਼ਹੀਦ ਕਰ ਦਿੱਤੇ ਗਏ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਦੇਸ ਦੀ ਫਾਸ਼ੀਵਾਦੀ ਸਰਕਾਰ ਵਲੋਂ ਦੇਸ਼ ਨੂੰ ਵੇਚਣ ਤੋਂ ਰੋਕਣ ਦੀ ਲੜਾਈ ਸਭ ਤੋਂ ਮਹੱਤਵਪੂਰਨ ਲੜਾਈ ਹੈ | ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦਾ ਅਮਰੀਕਾ ਨਾਲ ਵਪਾਰ ਸਮਝੌਤਾ ਦੇਸ਼ ਦੇ ਖੇਤੀ, ਦੁੱਧ ਅਤੇ ਪੌਲਟਰੀ ਸੈਕਟਰ ਨੂੰ ਤਬਾਹ ਕਰ ਦੇਵੇਗਾ | ਪਾਰਲੀਮੈਂਟ 'ਚ ਪਾਸ ਕੀਤੇ ਜਾ ਰਹੇ ਬਿਜਲੀ ਐਕਟ ਤਹਿਤ ਬਿਜਲੀ ਕਾਰਪੋਰੇਟਰਾਂ ਦੇ ਹਵਾਲੇ ਕਰਕੇ, ਬੀਜ ਐਕਟ ਪਾਸ ਕਰਕੇ ਬਿਜਾਈ ਦਾ ਹੱਕ ਖੋਹਣ, ਮਨਰੇਗਾ ਸਕੀਮ ਖ਼ਤਮ ਕਰਕੇ ਮਜ਼ਦੂਰਾਂ ਦਾ ਰੁਜ਼ਗਾਰ ਖੋਹਣ, ਕਿਰਤ ਕੋਡ ਲਾਗੂ ਕਰਕੇ ਕਾਰਪੋਰੇਟ ਦੇ ਪੱਖ 'ਚ ਮਜ਼ਦੂਰ ਵਰਗ ਦਾ ਗਲਾ ਘੁੱਟਣ ਖ਼ਿਲਾਫ਼ ਜਨਤਕ ਸੰਘਰਸ਼ ਤੇਜ਼ ਕਰਨਾ ਹੋਵੇਗਾ | ਉਨ੍ਹਾਂ ਇੰਨ੍ਹਾਂ ਮੁੱਦਿਆਂ 'ਤੇ ਜ਼ੋਰ ਦੇਣ ਲਈ 22 ਫਰਵਰੀ ਨੂੰ ਸਵੇਰੇ ਗਿਆਰਾਂ ਵਜੇ ਸਥਾਨਕ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਰਿਹਾਇਸ਼ 'ਤੇ ਧਰਨਾ ਦੇ ਕੇ ਮੰਗ ਪੱਤਰ ਦੇਣ ਲਈ ਪੁੱਜਣ ਦਾ ਸੱਦਾ ਦਿੱਤਾ | ਇਸ ਸਮੇਂ ਬੀਤੇ ਦਿਨੀਂ ਬਠਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ 'ਤੇ ਬਠਿੰਡਾ ਪੁਲਿਸ ਵਲੋਂ ਢਾਹੇ ਜ਼ਬਰ ਦੀ ਨਿੰਦਾ ਕੀਤੀ ਗਈ | ਇਸ ਸਮੇਂ ਪਰਵਾਰ ਸਿੰਘ ਗਾਲਿਬ, ਕੁਲਵੰਤ ਸਿੰਘ ਕਾਂਤਾ, ਕੁਲਵੰਤ ਸਿੰਘ ਬੱਬੂ, ਹਰਜਿੰਦਰ ਸਿੰਘ ਭੁਮਾਲ, ਜਸਵਿੰਦਰ ਸਿੰਘ ਭੁਮਾਲ, ਜਗਵਿੰਦਰ ਸਿੰਘ ਸ਼ੇਰਪੁਰ ਕਲਾਂ, ਦਰਸ਼ਨ ਸਿੰਘ ਗਾਲਿਬ ਰਣ ਸਿੰਘ, ਹਰਜੀਤ ਸਿੰਘ ਮਾਹਣਾ ਸਵੱਦੀ, ਅਵਤਾਰ ਸਿੰਘ ਤਾਰੀ ਰਸੂਲਪੁਰ, ਮਦਨ ਸਿੰਘ ਜਗਰਾਉਂ, ਮਾਸਟਰ ਹਰਬੰਸ ਲਾਲ, ਮੁਖਤਿਆਰ ਸਿੰਘ ਮੱਲ੍ਹੀ, ਮਨਜਿੰਦਰ ਸਿੰਘ ਸਲੇਮਪੁਰਾ, ਕਰਮ ਸਿੰਘ ਭਮਾਲ ਆਦਿ ਆਗੂ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਪੀਰ ਖੀਵੇ ਸ਼ਾਹ ਦੀ ਯਾਦ 'ਚ ਵਿਸ਼ਾਲ ਭੰਡਾਰਾ ਲਗਾਇਆ ਅਗਲੀ ਖ਼ਬਰ ਗੁਰਦੁਆਰਾ ਬਾਬਾ ਮੱਘਰ ਸਿੰਘ ਦੇਹੜਕਾ ਵਿਖੇ ਪਾਠੀ ਸਿੰਘਾਂ ਦੀ ਰਿਹਾਇਸ਼ ਲਈ ਵਿਸ਼ਾਲ ਇਮਾਰਤ ਦੀ ਕਾਰ ਸੇਵਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।