ਹੰਬੜਾਂ, 27 ਫਰਵਰੀ (ਮੇਜਰ ਹੰਬੜਾਂ)-ਕਸਬਾ ਹੰਬੜਾਂ ਵਿਖੇ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਲਾ ਮਹੱਲਾ ਸਬੰਧੀ 6 ਰੋਜ਼ਾ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਇਹ ਪ੍ਰਗਟਾਵਾ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇਜਾ ਸਿੰਘ ਗਿੱਲ ਨੇ ਅੱਜ 28 ਫਰਵਰੀ ਤੋਂ ਪਹਿਲੀ ਲੜੀ ਦੇ ਆਰੰਭ ਹੋਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਤੇ ਹੋਲਾ ਮਹੱਲਾ 'ਤੇ ਜਾਣ ਵਾਲੀਆ ਸੰਗਤਾਂ ਲਈ ਹਰੇਕ ਸਾਲ ਦੀ ਤਰ੍ਹਾਂ ਲੰਗਰਾਂ ਦੀ ਸੇਵਾ ਸ਼ੁਰੂ ਹੋਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ | ਸ: ਗਿੱਲ ਨੇ ਦੱਸਿਆ ਕਿ ਲੰਗਰਾਂ ਦੀ ਸੇਵਾ ਦਿਨ ਰਾਤ ਜਾਰੀ ਰਹੇਗੀ, ਜਿਸ ਸਬੰਧੀ ਸੇਵਾਦਾਰਾਂ ਵਲੋਂ ਕਸਬਾ ਹੰਬੜਾਂ ਮੁੱਖ ਮਾਰਗ 'ਤੇ ਬਣੇ ਲੰਗਰ ਹਾਲ ਵਿਚ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਸੇਵਾ ਤੇ ਧਾਰਮਿਕ ਸਮਾਗਮ ਲਗਾਤਾਰ ਚੱਲਣਗੇ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ, ਸੇਵਾਦਾਰ ਮਨਜੀਤ ਸਿੰਘ ਭੈਰੋਮੁੰਨਾਂ, ਜਸਵੀਰ ਸਿੰਘ ਰਾਣਾ, ਮਲਕੀਤ ਸਿੰਘ ਮਾਲੜਾ, ਸੈਕਟਰੀ ਬਲਵੀਰ ਸਿੰਘ ਧਾਲੀਵਾਲ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਜਸਵੀਰ ਸਿੰਘ, ਕਪੂਰ ਸਿੰਘ ਘੁੰਮਣ, ਮੇਜਰ ਸਿੰਘ ਚੀਮਾ, ਅਮਨਦੀਪ ਸਿੰਘ ਤੂਰ ਸਮੇਤ ਹੋਰ ਨੌਜਵਾਨ ਸੇਵਾਦਾਰ ਤੇ ਸੰਗਤਾਂ ਮੌਜੂਦ ਸਨ |