14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਅਮਰੀਕਾ-ਭਾਰਤ ਵਪਾਰਿਕ ਸਮਝੌਤਾ ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਨੂੰ ਬਿਲਕੁੱਲ ਤਬਾਹ ਕਰ ਦੇਵੇਗਾ

ਅਜੀਤ ਡੈਸਕ 04-04-2026
ਰਾਏਕੋਟ, 3 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਭਾਰਤ-ਅਮਰੀਕਾ ਵਪਾਰਿਕ ਸਮਝੌਤੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਲਗਾਤਾਰ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਵਿੱਢਿਆ ਜਾ ਰਿਹਾ ਹੈ ਤਾਂ ਜੋ ਇਸ ਸਮਝੌਤੇ ਨਾਲ ਕਿਸਾਨਾਂ ਤੇ ਆਮ ਕਾਰੋਬਾਰਾਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕੇ | ਇਸ ਸਬੰਧ ਵਿਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਤੱਤਲਾ ਦੀ ਪ੍ਰਧਾਨਗੀ ਹੇਠ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡ ਬਰ੍ਹਮੀ ਵਿਖੇ ਬਲਾਕ ਰਾਏਕੋਟ ਦੀ ਇਕੱਤਰਤਾ ਕੀਤੀ | ਜਿਸ ਦੌਰਾਨ ਬਲਾਕ ਰਾਏਕੋਟ ਦੇ ਪ੍ਰਧਾਨ ਅਵਤਾਰ ਸਿੰਘ ਬਰ੍ਹਮੀ ਦੀ ਅਗਵਾਈ ਹੇਠ ਕਿਸਾਨਾਂ ਨੇ ਹਿੱਸਾ ਲਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਤੱਤਲਾ ਨੇ ਆਖਿਆ ਕਿ 6 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ-ਅਮਰੀਕਾ ਵਪਾਰਿਕ ਸਮਝੌਤੇ ਨੂੰ ਰੱਦ ਕਰਵਾਉਣ ਖ਼ਿਲਾਫ਼ ਜਗਰਾਉਂ ਵਿਖੇ ਪੁਲ ਹੇਠਾਂ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਭਾਰੀ ਇਕੱਠ ਹੋਵੇਗਾ, ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਹੇਠ ਕੀਤੇ ਵਪਾਰਿਕ ਸਮਝੌਤੇ ਨੂੰ ਰੱਦ ਕਰਵਾਉਣ ਲਈ ਆਵਾਜ਼ ਉਠਾਈ ਜਾਵੇਗੀ | ਉਨ੍ਹਾਂ ਆਖਿਆ ਕਿ ਭਾਰਤ-ਅਮਰੀਕਾ ਦੇ ਸਮਝੌਤੇ ਨਾਲ ਦੇਸ਼ ਦੀ ਖੇਤੀਬਾੜੀ ਤੇ ਡੇਅਰੀ ਫਾਰਮਿੰਗ ਧੰਦਾ ਬਿਲਕੁੱਲ ਤਬਾਹ ਹੋ ਜਾਵੇਗਾ | ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਕੀਤੇ ਸਮਝੌਤੇ ਨੂੰ ਜਲਦ ਤੋਂ ਜਲਦ ਰੱਦ ਕਰਕੇ ਦੇਸ਼ ਦੇ ਕਿਸਾਨਾਂ ਤੇ ਡੇਅਰੀ ਫਾਰਮਿੰਗ ਸਮੇਤ ਹੋਰਨਾਂ ਛੋਟੇ ਕਾਰੋਬਾਰੀਆਂ ਨੂੰ ਤਬਾਹ ਹੋਣ ਤੋਂ ਬਚਾਇਆ ਜਾਵੇ | ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਵਪਾਰਿਕ ਮਾਰੂ ਨੀਤੀਆਂ ਨੂੰ ਖ਼ਤਮ ਕਰਵਾਉਣ ਲਈ ਇੱਕਜੁੱਟ ਹੋ ਕੇ ਲੜਿ੍ਹਆ ਜਾਵੇ | ਇਸ ਮੌਕੇ ਖ਼ਜ਼ਾਨਚੀ ਦਲਜੀਤ ਸਿੰਘ ਤੱਤਲਾ, ਰਣਜੀਤ ਸਿੰਘ ਜਵੰਧਾ, ਮਨਦੀਪ ਸਿੰਘ ਸੋਨੀ ਮੈਂਬਰ ਬਲਾਕ ਸੰਮਤੀ, ਚੌਧਰੀ ਬੂਟਾ ਸਿੰਘ, ਕਰਨਜੀਤ ਸਿੰਘ, ਸੁਖਦੇਵ ਸਿੰਘ, ਸਾਬਕਾ ਪੰਚ ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਦਲਜੀਤ ਸਿੰਘ ਰਾਮਾ, ਬਲਵਿੰਦਰ ਸਿੰਘ ਜਵੰਧਾ, ਪੰਚ ਹਰਜਿੰਦਰ ਸਿੰਘ ਕਲਕੱਤਾ, ਹਰਮੇਲ ਸਿੰਘ ਤੱਤਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਵਿੱਦਿਅਕ ਸੈਸ਼ਨ 2026-27 ਦੇ ਦਾਖ਼ਲਿਆਂ ਲਈ ਭਾਰੀ ਉਤਸ਼ਾਹ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਨਕਲੀਆਂ ਵਿਖੇ ਵਿੱਦਿਅਕ ਸੈਸ਼ਨ 2025-26 ਦੇ ਨਤੀਜੇ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।