26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸਾਥੀਆਂ ਦੀ ਯਾਦ 'ਚ ਸਾਲਾਨਾ ਯਾਦਗਾਰੀ ਸਮਾਗਮ ਕਰਵਾਇਆ

ਅਜੀਤ ਡੈਸਕ 13-04-2026
ਜਗਰਾਉਂ, 12 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਇਨਕਲਾਬੀ ਲਹਿਰ 'ਚ ਪਿਛਲੇ ਲੰਮੇ ਸਮੇਂ ਤੋਂ ਲੋਕ ਸੰਘਰਸ਼ਾਂ 'ਚ ਆਗੂ ਅਤੇ ਸਰਗਰਮ ਭੂਮਿਕਾ ਨਿਭਾਉਂਦੇ ਰਹੇ, ਵਿਛੋੜਾ ਦੇ ਗਏ ਇਨਕਲਾਬੀ ਸਾਥੀਆਂ ਦੀ ਯਾਦ 'ਚ ਯਾਦਗਾਰੀ ਸਮਾਗਮ ਦਾ ਆਯੋਜਨ ਕੀਤਾ ਗਿਆ | ਇਨਕਲਾਬੀ ਕੇਂਦਰ ਪੰਜਾਬ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ 'ਚ ਕਰਵਾਏ ਇਸ ਸਾਲਾਨਾ ਸਮਾਗਮ 'ਚ ਤਰਕਸ਼ੀਲ ਲਹਿਰ ਦੇ ਮੋਢੀ ਆਗੂ ਮਾਸਟਰ ਰਜਿੰਦਰ ਭਦੌੜ ਨੇ 'ਤਰਕਸ਼ੀਲਤਾ ਸਫ਼ਲ ਜੀਵਨ ਦਾ ਆਧਾਰ' ਵਿਸ਼ੇ 'ਤੇ ਸਵਾ ਘੰਟਾ ਲੰਮਾਂ ਭਾਸ਼ਣ ਦਿੱਤਾ | ਉਨ੍ਹਾਂ ਅਪਣੇ ਸੰਬੋਧਨ 'ਚ ਜ਼ੋਰ ਦੇ ਕੇ ਕਿਹਾ ਇਸ ਧਰਤੀ 'ਤੇ ਚਮਤਕਾਰ ਜਾਂ ਗੈਬੀ ਸ਼ਕਤੀ ਜਿਹੀ ਕੋਈ ਚੀਜ਼ ਨਹੀਂ ਹੈ | ਸੱਤ੍ਹਾ 'ਤੇ ਕਾਬਜ਼ ਹਾਕਮ ਲੋਕਾਂ ਨੂੰ ਬੁੱਧੂ ਬਨਾਉਣ ਲਈ, ਔਝੜੇ ਪਾ ਕੇ ਅਪਣੇ ਲੋਟੂ ਤੇ ਜ਼ਾਬਰ ਰਾਜ ਦੀ ਉਮਰ ਲੰਮੀ ਕਰਨ ਲਈ ਜੋਤਸ਼ੀਆਂ, ਡੇਰਿਆਂ ਪਾਖੰਡੀਆਂ, ਬਾਬਿਆਂ ਦਾ ਜਾਲ ਫੈਲਾਉਂਦੇ ਹਨ | ਇਸ ਦੇਸ਼ 'ਚ ਗਰੀਬੀ, ਭੁੱਖਮਰੀ, ਜਹਾਲਤ ਦਾ ਕਾਰਨ ਲੋਕਾਂ ਦੀ ਕਿਸਮਤ ਅਤੇ ਪਿਛਲੇ ਜਨਮਾਂ ਦਾ ਗੇੜ ਦੱਸ ਕੇ ਉਹ ਅਸਲ 'ਚ ਲੋਕਾਂ ਨੂੰ ਸੰਘਰਸ਼ ਕਰਨ ਤੋਂ ਵਰਜਦੇ ਹਨ ਅਤੇ ਰੱਬ ਦੀ ਰਜ਼ਾ 'ਚ ਰਾਜ਼ੀ ਰਹਿਣ ਦਾ ਭਰਮ ਫੈਲਾਉਂਦੇ ਹਨ | ਇਸ ਤੋਂ ਪਹਿਲਾਂ ਤੀਹ ਦੇ ਕਰੀਬ ਪਰਿਵਾਰਾਂ ਅਤੇ ਜਥੇਬੰਦੀਆਂ ਦੇ ਵਰਕਰਾਂ ਦੀ ਹਾਜ਼ਰੀ 'ਚ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਅਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਫੁੱਲ ਪੱਤੀਆਂ ਭੇਟ ਕਰਕੇ ਨਾਅਰਿਆਂ ਦੀ ਗੂੰਜ 'ਚ ਸਮਾਗ਼ਮ ਦਾ ਆਗਾਜ਼ ਕੀਤਾ ਗਿਆ | ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਵੰਤ ਜੀਰਖ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਅਵਤਾਰ ਸਿੰਘ ਰਸੂਲਪੁਰ ਦੀ ਅਗਵਾਈ 'ਚ ਇਰਾਨ ਅਮਰੀਕਾ ਦਰਮਿਆਨ ਪਾਕਿਸਤਾਨ ਵਿਖੇ ਹੋਣ ਵਾਲੀ ਗੱਲਬਾਤ ਤੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਸ ਦੇ ਭੱਜ ਜਾਣ ਦੀ ਜ਼ੋਰਦਾਰ ਨਿੰਦਾ ਕਰਦਿਆਂ ਸਾਮਰਾਜੀ ਜੰਗ ਖ਼ਿਲਾਫ਼ ਸਾਰੇ ਸੰਸਾਰ ਵਿਚ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਗਿਆ | ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਨੇ ਸਵਰਨ ਧਾਲੀਵਾਲ ਦੀ ਅਗਵਾਈ 'ਚ ਇਨਕਲਾਬੀ ਕਵੀਸ਼ਰੀਆਂ ਰਾਹੀਂ ਵਿਲੱਖਣ ਰੰਗ ਬੰਨਿ੍ਹਆ | ਸਾਥੀ ਕਸਤੂਰੀ ਲਾਲ ਨੇ ਇਨਕਲਾਬੀ ਗੀਤ ਪੇਸ਼ ਕੀਤਾ | ਸਮਾਗਮ ਦੇ ਅੰਤਿਮ ਪੜਾਅ 'ਤੇ ਪ੍ਰਧਾਨਗੀ ਮੰਡਲ ਵਲੋਂ ਵਿਛੜੇ ਸਾਥੀਆਂ ਦੇ ਪਰਿਵਾਰਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮਨਮੋਹਕ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਇਸ ਸਮੇਂ ਕਾਮਰੇਡ ਸੁਰਿੰਦਰ, ਇੰਦਰਜੀਤ ਸਿੰਘ ਧਾਲੀਵਾਲ, ਧਰਮ ਸਿੰਘ ਸੂਜਾਪੁਰ, ਸੁਖਦੇਵ ਸਿੰਘ ਮਾਣੂੰਕੇ, ਬੇਅੰਤ ਸਿੰਘ ਬਾਣੀਏਵਾਲ, ਚਰਨਜੀਤ ਸਿੰਘ ਸੇਖਦੌਲਤ, ਕੁਲਵੰਤ ਸਿੰਘ ਗਾਲਿਬ, ਸੁਰਜੀਤ ਦੌਧਰ, ਕੁਲਜਿੰਦਰ ਸਰਾਭਾ, ਮਾ. ਹਰਦੇਵ ਸਿੰਘ ਮੁੱਲਾਂਪੁਰ, ਰਜਿੰਦਰ ਲੁਧਿਆਣਾ, ਹਰਜਿੰਦਰ ਕੋਰ, ਮਦਨ ਸਿੰਘ, ਮਾ. ਹਰਬੰਸ ਲਾਲ, ਕੁੰਡਾ ਸਿੰਘ ਕਾਉਂਕੇ, ਗੁਰਮੀਤ ਸਿੰਘ ਮੱਲ੍ਹਾ, ਸਤੀਸ਼ ਸਚਦੇਵਾ, ਮੱਖਣ ਸਿੰਘ ਪ੍ਰਧਾਨ, ਅਵਤਾਰ ਸਿੰਘ ਗਗੜਾ ਆਦਿ ਹਾਜ਼ਰ ਸਨ | ਸਟੇਜ਼ ਦੀ ਕਾਰਵਾਈ ਕੰਵਲਜੀਤ ਖੰਨਾ ਨੇ ਨਿਭਾਈ |
ਪਿਛਲੀ ਖ਼ਬਰ ਸਿੱਧਵਾਂ ਬੇਟ-ਹੰਬੜਾਂ ਮਾਰਗ 'ਤੇ ਪ੍ਰੀਮਿਕਸ ਪੈਣ ਲਈ ਲੋਕਾਂ 'ਚ ਖੁਸ਼ੀ ਦਾ ਮਾਹੌਲ ਅਗਲੀ ਖ਼ਬਰ ਨਿਊ ਪੰਜਾਬ ਸਕੂਲ ਜਗਰਾਉਂ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।