ਜਗਰਾਉਂ, 10 ਮਈ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀਆਂ ਇਕਾਈਆਂ ਦੀ ਭਰਵੀਂ ਮੀਟਿੰਗ ਪਿੰਡ ਸੇਖਦੌਲਤ ਦੇ ਗੁਰੂਦੁਆਰਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਸਭ ਤੋਂ ਪਹਿਲਾਂ ਉੱਘੇ ਲੋਕਪੱਖੀ ਇਤਿਹਾਸਕਾਰ ਮਾਲਵਿੰਦਰਜੀਤ ਸਿੰਘ ਵੜੈਚ ਦੇ ਵਿਛੋੜੇ 'ਤੇ ਡੁੰਘਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਬੰਜਰ ਬਨਣ ਜਾ ਰਹੀ ਪੰਜਾਬ ਦੀ ਧਰਤੀ ਨੂੰ ਬਚਾਉਣ, ਬੀ.ਬੀ.ਐੱਮ.ਬੀ ਦੀ ਖੁੱਸੀ ਮਾਲਕੀ ਬਹਾਲ ਕਰਾਉਣ, ਪੰਜਾਬ 'ਚ ਵਗਦੇ ਦਰਿਆਵਾਂ ਦੇ ਪਾਣੀ 'ਤੇ ਪੰਜਾਬ ਦਾ ਪੂਰਾ ਹੱਕ ਸਥਾਪਤ ਕਰਨ, ਬਾਹਰਲੇ ਸੂਬਿਆਂ ਨੂੰ ਜਾਂਦੇ ਪਾਣੀ ਦੀ ਰਿਆਲਿਟੀ ਹਾਸਲ ਕਰਨ, ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਉਣ, ਫ਼ਸਲੀ ਚੱਕਰ ਬਦਲਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 15 ਮਈ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਮੁਜ਼ਾਹਰੇ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ | ਇਸ ਸਮੇਂ ਅਮਰੀਕਾ ਨਾਲ ਵਪਾਰ ਸਮਝੌਤੇ ਦਾ ਦੇਸ਼ ਦੇ ਖੇਤੀ ਅਰਥਚਾਰੇ 'ਤੇ ਪੈਣ ਜਾ ਰਹੇ ਮਾੜੇ ਅਸਰਾਂ ਦੀ ਖੁੱਲ ਕੇ ਚਰਚਾ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ | ਮੀਟਿੰਗ ਵਿਚ ਸਾਉਣੀ ਦੀ ਫ਼ਸਲ ਲਈ ਸਹਿਕਾਰੀ ਸਭਾਵਾਂ ਵਲੋਂ ਹੱਦ ਕਰਜ਼ੇ ਦੇ ਮਸਲੇ 'ਤੇ ਕਿਸਾਨਾਂ ਨੂੰ ਪਿੰਡਾਂ 'ਚ ਲਗਾਤਾਰ ਪ੍ਰੇਸ਼ਾਨ ਕਰਨ ਦੀ ਵੀ ਸਖ਼ਤ ਨਿੰਦਾ ਕੀਤੀ ਗਈ | ਮੀਟਿੰਗ ਨੇ 15 ਮਈ ਤੱਕ ਇਹ ਹੱਦ ਵਧਾਉਣ ਅਤੇ ਅਦਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ | ਇਸ ਤੋਂ ਬਿਨਾਂ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਨਵੀਂ ਖੇਤੀ ਨੀਤੀ ਤੁਰੰਤ ਐਲਾਨਣ ਦੀ ਮੰਗ ਕੀਤੀ ਹੈ | ਇਸ ਮੀਟਿੰਗ ਵਿਚ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ | ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਲੋਧੀਵਾਲ, ਜਗਨ ਨਾਥ ਸੰਘਰਾਓ, ਕੁਲਵੰਤ ਸਿੰਘ ਗਾਲਬ, ਪਰਮਿੰਦਰ ਸਿੰਘ ਪਿੱਕਾ, ਜਸਵਿੰਦਰ ਸਿੰਘ ਭਮਾਲ, ਮਨਜਿੰਦਰ ਸਿੰਘ ਸਲੇਮਪੁਰਾ, ਜਸਵੀਰ ਸਿੰਘ ਲੀਲਾਂ, ਜਗਵਿੰਦਰ ਸਿੰਘ ਤੂਰ, ਬਲਵੰਤ ਸਿੰਘ ਸ਼ੇਰਪੁਰਾ, ਮਨਜੀਤ ਸਿੰਘ ਸ਼ੇਰਪੁਰ ਕਲਾਂ, ਹਰਜੀਤ ਸਿੰਘ ਸਵੱਦੀ, ਹਰਪਾਲ ਸਿੰਘ ਸੇਖਦੋਲਤ, ਚਰਨਜੀਤ ਸਿੰਘ ਸੇਖਦੋਲਤ, ਸੁਖਵਿੰਦਰ ਸਿੰਘ ਡਾਕਟਰ, ਸ਼ੇਰ ਸਿੰਘ ਗਾਲਬ ਆਦਿ ਹਾਜ਼ਰ ਸਨ |