ਮੁੱਲਾਂਪੁਰ-ਦਾਖਾ, 11 ਮਈ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਵਲੋਂ ਭਾਜਪਾ ਦੇ ਜ਼ਿਲ੍ਹਾ ਦਫ਼ਤਰ 'ਤੇ ਹਮਲਾ ਬੇਹੱਦ ਘਟੀਆ ਹੈ, ਭਾਜਪਾ ਵਰਕਰਾਂ ਵਲੋਂ ਰੋਸ ਵਜੋਂ ਅੱਜ ਲੁਧਿਆਣਾ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ, ਅੱਗੋਂ ਵੀ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਰੋਸ ਜਾਰੀ ਰਹੇਗਾ | ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਹਲਕਾ ਦਾਖਾ ਬੀ.ਜੇ.ਪੀ ਦੇ ਇੰਚਾਰਜ ਮੇਜਰ ਸਿੰਘ ਦੇਤਵਾਲ ਵਲੋਂ ਬਲਾਚੌਰ (ਨਵਾਂਸ਼ਹਿਰ) ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਦੇ ਦਫ਼ਤਰ ਅੰਦਰ ਹੋਏ ਹਮਲੇ ਦੀ ਨਿੰਦਾ ਕਰਦਿਆਂ ਕੀਤਾ ਗਿਆ | ਆਲੀਵਾਲ ਤੇ ਦੇਤਵਾਲ ਕਿਹਾ ਕਿ ਭਾਜਪਾ ਦੇ ਦਫ਼ਤਰ ਆ ਕੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਡਰਾਉਣਾ-ਧਮਕਾਉਣਾ ਪੰਜਾਬ ਸਰਕਾਰ ਦੇ ਗੁੰਡਾ ਤੰਤਰ ਦੀ ਤਸਵੀਰ ਹੈ | ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਸੂਬੇ 'ਚ ਸੱਤਾ ਦੇ ਦਬਾਅ ਹੇਠ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਅੱਗੋਂ ਜੇਕਰ ਬਲਾਚੌਰ ਵਰਗੀ ਘਟਨਾ ਵਾਪਰੀ ਤਾਂ ਨਤੀਜਾ ਮਾੜਾ ਹੋਵੇਗਾ |