ਹਲਵਾਰਾ, 18 ਮਈ (ਮਨਦੀਪ ਸਿੰਘ ਉੱਭੀ)-ਪੰਜਾਬ ਸਰਕਾਰ ਦੁਆਰਾ ਪਿਛਲੇ ਦਿਨੀਂ ਜੋ ਬੇਅਦਬੀ ਖ਼ਿਲਾਫ਼ ਕਾਨੂੰਨ ਬਣਾਇਆ ਗਿਆ ਹੈ, ਉਸ ਸੰਬੰਧ ਵਿਚ ਰਾਮਦੀਪ ਸਿੰਘ ਅਕਾਲਗੜ੍ਹ ਨੇ ਹਲਵਾਰਾ ਵਿਖੇ ਗੱਲ ਕਰਦਿਆਂ ਕਿਹਾ ਹੈ ਕਿ ਕਾਨੂੰਨ ਵਿਚ ਇਕ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਕਸਟੋਡੀਅਨ ਜਿਸ ਦਾ ਮਤਲਬ ਹੈ ਰਖਵਾਲਾ ਜਾਂ ਸੰਭਾਲ ਕਰਤਾ ਜਾਂ ਜ਼ਿੰਮੇਵਾਰ ਜੇਕਰ ਕੋਈ ਬੇਅਦਬੀ ਦੀ ਘਟਨਾ ਹੁੰਦੀ ਹੈ ਤਾਂ ਸਿੱਧੇ ਤੌਰ 'ਤੇ ਗ੍ਰੰਥੀ ਸਿੰਘ ਗੁਰੂ ਘਰ ਦੀਆਂ ਕਮੇਟੀਆਂ ਜਾਂ ਹੋਰ ਸਿੱਖ ਸੰਸਥਾਵਾਂ ਉਸ ਦੇ ਲਈ ਉਹ ਦੋਸ਼ੀ ਮੰਨੇ ਜਾਣਗੇ | ਇਹ ਵੀ ਲਿਖਿਆ ਗਿਆ ਕਿ ਜੋ ਵੀ ਵਿਅਕਤੀ ਆਪਣੇ ਘਰ ਵਿਖੇ ਕੋਈ ਪਾਠ ਕਰਵਾਉਂਦਾ ਤਾਂ ਉਥੇ ਕੋਈ ਅਣ-ਸੁਖਾਵੀ ਘਟਨਾ ਵਾਪਰਦੀ ਹੈ ਤਾਂ ਪਰਿਵਾਰ ਜ਼ਿੰਮੇਵਾਰ ਹੋਵੇਗਾ, ਨਾ ਕਿ ਬੇਅਦਬੀ ਕਰਨ ਵਾਲਾ, ਇਹ ਇਕ ਬਹੁਤ ਵੱਡਾ ਹਮਲਾ ਹੈ, ਸਿੱਖ ਪੰਥ ਤੇ ਸਿੱਖ ਸੰਗਤਾਂ ਨੂੰ ਡਰਾਇਆ ਜਾ ਰਿਹਾ ਹੈ | ਸੰਗਤਾਂ ਨੂੰ ਗੁਰੂ ਘਰ ਨਾਲੋਂ, ਗੁਰਬਾਣੀ ਨਾਲੋਂ ਤੋੜਿਆ ਜਾ ਰਿਹਾ ਹੈ | ਕੋਈ ਵੀ ਪਰਿਵਾਰ ਆਪਣੇ ਬੱਚੇ ਨੂੰ ਗ੍ਰੰਥੀ ਸਿੰਘ ਬਣਾਉਣ ਲਈ ਤਿਆਰ ਨਹੀਂ ਹੋਵੇਗਾ, ਨਾ ਕੋਈ ਪਰਿਵਾਰ ਘਰ ਵਿਖੇ ਮਹਾਰਾਜ ਦਾ ਪ੍ਰਕਾਸ਼ ਕਰਵਾਉਣ ਲਈ ਤਿਆਰ ਹੋਵੇਗਾ | ਸਰਕਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸਾਹਿਬਾਨ ਨਾਲ ਬੈਠ ਕੇ ਇਸ ਕਾਨੂੰਨ ਵਿਚ ਬਣਦੀਆਂ ਸੋਧਾਂ ਕੀਤੀਆਂ ਜਾਣ ਅਤੇ ਬਾਅਦ ਵਿਚ ਇਸ ਨੂੰ ਲਾਗੂ ਕੀਤਾ ਜਾਵੇ |