20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜਗਰਾਉਂ ਨਗਰ ਕੌਂਸਲ ਚੋਣਾਂ ਦੌਰਾਨ ਕੁੱਲ 63.67 ਫ਼ੀਸਦੀ ਵੋਟਾਂ ਪੋਲ ਹੋਈਆਂ <br/>

ਅਜੀਤ ਡੈਸਕ 27-05-2026
ਜਗਰਾਉਂ, 26 ਮਈ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਪੂਰੇ ਦਿਨ ਸਿਆਸੀ ਖੜਕੇ-ਦੜਕੇ ਦੇ ਬਾਵਜੂਦ ਲੋਕਾਂ ਦੇ ਭਾਰੀ ਉਤਸ਼ਾਹ ਦਰਮਿਆਨ ਨੇਪਰੇ ਚੜ੍ਹ ਗਈਆਂ | ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਦੌਰਾਨ 23 ਵਾਰਡਾਂ ਦੀ ਕੁੱਲ 63.67 ਫ਼ੀਸਦੀ ਵੋਟਾਂ ਪੋਲ ਹੋਈਆਂ | ਕੌਂਸਲ ਦੀਆਂ ਕੁੱਲ 47607 ਵੋਟਾਂ 'ਚੋਂ 16050 ਮਰਦ ਅਤੇ 14260 ਮਹਿਲਾਵਾਂ ਨੇ ਵੋਟਾਂ ਪਾਈਆਂ | ਚੋਣਾਂ ਦੌਰਾਨ ਸ਼ਹਿਰ ਦਾ ਮਾਹੌਲ ਸਵੇਰ ਤੋਂ ਹੀ ਪੂਰੀ ਤਰ੍ਹਾਂ ਸਿਆਸੀ ਰੰਗ 'ਚ ਰੰਗਿਆ ਨਜ਼ਰ ਆਇਆ | ਸਵੇਰ ਦੇ ਸਮੇਂ ਤੋਂ ਹੀ ਵੋਟਰਾਂ ਦਾ ਪੋਲਿੰਗ ਕੇਂਦਰਾਂ ਵੱਲ ਆਉਣਾ ਸ਼ੁਰੂ ਹੋ ਗਿਆ ਸੀ | ਜਿਵੇਂ-ਜਿਵੇਂ ਦਿਨ ਵੱਧਦਾ ਗਿਆ ਉਸੇ ਤਰ੍ਹਾਂ ਵੋਟਿੰਗ ਕੇਂਦਰਾਂ 'ਤੇ ਲੋਕਾਂ ਦੀ ਆਵਾਜਾਈ ਵਿਚ ਵੀ ਵਾਧਾ ਹੁੰਦਾ ਗਿਆ | ਸ਼ਹਿਰ ਦੇ ਕਈ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ | ਖਾਸ ਗੱਲ ਇਹ ਰਹੀ ਕਿ ਅੱਤ ਦੀ ਗਰਮੀ ਅਤੇ ਤਪਦੀ ਧੁੱਪ ਦੇ ਬਾਵਜੂਦ ਲੋਕ ਵੋਟਾਂ ਪਾਉਣ ਲਈ ਕਤਾਰਾਂ 'ਚ ਖੜ੍ਹੇ ਦੇਖੇ ਗਏ | ਇਸ ਦੌਰਾਨ ਸਿਆਸੀ ਮਾਹੌਲ ਵੀ ਪੂਰੀ ਤਰ੍ਹਾਂ ਗਰਮ ਰਿਹਾ | ਵੱਖ-ਵੱਖ ਵਾਰਡਾਂ ਵਿਚ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਨੋਕ-ਝੋਕ ਅਤੇ ਇਕ-ਦੂਸਰੇ 'ਤੇ ਦੋਸ਼ਾਂ ਦਾ ਦੌਰ ਜਾਰੀ ਰਿਹਾ | ਕੁਝ ਥਾਵਾਂ 'ਤੇ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਲੈ ਕੇ ਸਿਆਸੀ ਧਿਰਾਂ ਵਿਚ ਖਿੱਚੋਤਾਣ ਵੀ ਦੇਖਣ ਨੂੰ ਮਿਲੀ, ਜਿੱਥੇ ਇਕ-ਦੂਜੇ 'ਤੇ ਚੋਣ ਜਾਬਤੇ ਦੀ ਉਲੰਘਣਾ ਅਤੇ ਦਖਲਅੰਦਾਜ਼ੀ ਦੇ ਦੋਸ਼ ਲਗਾਏ ਗਏ | ਹਾਲਾਂਕਿ ਪ੍ਰਸ਼ਾਸਨ ਅਤੇ ਪੁਲਿਸ ਪ੍ਰਬੰਧਨ ਵਲੋਂ ਤੁਰੰਤ ਹਾਲਾਤਾਂ 'ਤੇ ਕਾਬੂ ਪਾ ਲਿਆ ਗਿਆ ਅਤੇ ਮਾਹੌਲ ਨੂੰ ਸ਼ਾਂਤ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤੇ ਗਏ | ਡੀ.ਐੱਸ.ਪੀ. ਕੁਲਵੰਤ ਸਿੰਘ ਵਲੋਂ ਮਾਹੌਲ ਨੂੰ ਸ਼ਾਂਤੀਪੂਰਨ ਬਣਾਈ ਰੱਖਣ ਲਈ ਸੁਚੱਜੀ ਭੂਮਿਕਾ ਨਿਭਾਈ ਗਈ | ਇਸ ਮੌਕੇ ਪੁਲਿਸ ਟੀਮਾਂ ਸ਼ਹਿਰ 'ਚ ਲਗਾਤਾਰ ਪੈਟਰੋਿਲੰਗ ਕਰਦੀਆਂ ਰਹੀਆਂ, ਇਸ ਕਰਕੇ ਵੱਡੀਆਂ ਘਟਨਾਵਾਂ ਤੋਂ ਬਚਾ ਰਿਹਾ | ਚੋਣਾਂ ਦੌਰਾਨ ਜਿੱਥੇ ਨੌਜਵਾਨ ਵਰਗ ਨੇ ਵੱਡੀ ਗਿਣਤੀ ਵਿਚ ਵੋਟ ਪਾ ਕੇ ਆਪਣੀ ਭੂਮਿਕਾ ਨਿਭਾਈ, ਉੱਥੇ ਹੀ ਬਜ਼ੁਰਗ ਵੋਟਰਾਂ ਨੇ ਵੀ ਕਿਸੇ ਤਰ੍ਹਾਂ ਦੀ ਥਕਾਵਟ ਜਾਂ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਲੋਕਤੰਤਰ ਦੀ ਇਸ ਮਹੱਤਵਪੂਰਨ ਪ੍ਰਕਿਰਿਆ ਵਿਚ ਸ਼ਮੂਲੀਅਤ ਕੀਤੀ ਤੇ ਆਪਣੇ ਪਸੰਦੀਦਾ ਪ੍ਰਧਾਨ ਤੇ ਨਗਰ ਕੌਂਸਰ ਮੈਂਬਰ ਨਿਯੁਕਤ ਕਰਨ ਲਈ ਵਿਸ਼ੇਸ਼ ਦਿਲਚਸਪੀ ਦਿਖਾਈ | ਕਈ ਬਜ਼ੁਰਗ ਜੋੜੇ ਇਕੱਠੇ ਪੋਲਿੰਗ ਕੇਂਦਰਾਂ 'ਤੇ ਪਹੁੰਚੇ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਉਨ੍ਹਾਂ ਦਾ ਉਤਸ਼ਾਹ ਅਤੇ ਜਾਗਰੂਕਤਾ ਹੋਰ ਵੋਟਰਾਂ ਲਈ ਵੀ ਪ੍ਰੇਰਣਾ ਦਾ ਕਾਰਨ ਬਣਿਆ | 96 ਸਾਲਾ ਮਾਤਾ ਗੁਰਦੇਵ ਕੌਰ ਸਿੱਧੂ ਨੇ ਆਖਿਆ ਕਿ ਵੋਟ ਸਾਡਾ ਮੌਲਿਕ ਅਧਿਕਾਰ ਹੀ ਨਹੀਂ ਬਲਕਿ ਸਾਡੇ ਭਵਿੱਖ ਦੀ ਬੁਨਿਆਦ ਵੀ ਹੁੰਦੀ ਹੈ | ਉਨ੍ਹਾਂ ਆਖਿਆ ਕਿ ਵੋਟ ਰੱਖਣੀ ਨਹੀਂ ਚਾਹੀਦੀ ਸਗੋਂ ਸਾਹਾਂ ਦੇ ਚੱਲਣ ਤੱਕ ਵੋਟ ਦਾ ਇਸਤੇਮਾਲ ਕਰਨਾ ਨੈਤਿਕ ਫਰਜ਼ ਸਮਝਣਾ ਚਾਹੀਦਾ ਹੈ | ਪੂਰੇ ਦਿਨ ਚੋਣਾਵੀ ਮਾਹੌਲ ਚਰਚਾ ਦਾ ਕੇਂਦਰ ਬਣਿਆ ਰਿਹਾ ਅਤੇ ਸਿਆਸੀ ਗਤੀਵਿਧੀਆਂ ਸਿਖਰ 'ਤੇ ਰਹੀਆਂ | ਇੱਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਕੌਂਸਲ ਜਗਰਾਉਂ ਦੇ 23 ਵਾਰਡਾਂ ਲਈ 100 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤੇ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਡੱਬਿਆਂ 'ਚ ਬੰਦ ਹੋ ਗਈ ਹੈ | ਜਿਸ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ ਅਤੇ ਹੁਣ ਸਭ ਦੀਆਂ ਨਜ਼ਰਾਂ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਚੱਬਾ ਵਿਖੇ ਸ਼ਹੀਦ ਸਿੱਖਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 1 ਨੂੰ... ਅਗਲੀ ਖ਼ਬਰ ਰਾਏਕੋਟ ਸ਼ਹਿਰ ਦੇ ਵਾਰਡ ਨੰਬਰ-08 'ਚ ਅਕਾਲੀ ਉਮੀਦਵਾਰ ਅਮਨਦੀਪ ਸਿੰਘ ਗਿੱਲ ਨੇ ਲਗਾਇਆ ਗਲਤ ਵੋਟਰ ਸੂਚੀਆਂ ਦੇਣ ਦਾ ਦੋਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।