09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਜਗਰਾਉਂ 'ਚ ਚਿੱਟੇ ਕਾਰਨ ਮਰੇ ਨੌਜਵਾਨਾਂ ਦੇ ਪਰਿਵਾਰ ਆਪਣਿਆਂ ਦੀਆਂ ਤਸਵੀਰਾਂ ਚੁੱਕ ਕੇ ਰੋਸ ਮੁਜ਼ਾਹਰੇ ਵਿਚ ਪਹੁੰਚੇ

ਅਜੀਤ ਡੈਸਕ 09-06-2026
ਜਗਰਾਉਂ, 8 ਜੂਨ (ਗੁਰਦੀਪ ਸਿੰਘ ਮਲਕ)-ਪੰਜਾਬ ਸਮੇਤ ਜਗਰਾਉਂ ਸ਼ਹਿਰ ਤੇ ਇਲਾਕੇ ਦੇ ਪਿੰਡਾਂ ਵਿਚ ਦਿਨੋਂ ਦਿਨ ਫ਼ੈਲ ਰਹੀ ਚਿੱਟੇ ਦੇ ਭਿਆਨਕ ਨਸ਼ੇ ਦੀ ਤਸਕਰੀ ਨੌਜਵਾਨ ਮੁੰਡਿਆਂ ਨੂੰ ਆਪਣੀ ਖ਼ਤਰਨਾਕ ਲਪੇਟ ਵਿਚ ਲੈ ਕੇ ਜਿੱਥੇ ਕੁਰਾਹੇ ਪਾ ਰਹੀ ਹੈ, ਉੱਥੇ ਇਸ ਨਸ਼ੇ ਦੀ ਭਿਆਨਕ ਜਕੜ 'ਚ ਆ ਕੇ ਬਹੁਤ ਸਾਰੇ ਨੌਜਵਾਨ ਮੁੰਡੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ | ਜਿਨ੍ਹਾਂ ਨੌਜਵਾਨਾਂ ਨੇ ਆਪਣੇ ਮਾਂ-ਬਾਪ ਦਾ ਸਹਾਰਾ ਬਣਨਾ ਸੀ ਉਹ ਚਿੱਟੇ ਦੀ ਭਿਆਨਕ ਦਲਦਲ ਵਿਚ ਖੁੱਬ ਕੇ ਮਾਪਿਆਂ ਲਈ ਮੁਸੀਬਤ ਬਣ ਰਹੇ ਹਨ | ਚਿੱਟਾ ਤਸਕਰਾਂ ਵਲੋਂ ਵਰਤਾਏ ਜਾਂਦੇ ਇਸ ਕਹਿਰ ਵਿਰੁੱਧ ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਜਗਰਾਉਂ ਬੱਸ ਅੱਡੇ ਤੋਂ ਐੱਸ. ਡੀ. ਐੱਮ. ਦਫ਼ਤਰ ਤੱਕ ਰੋਸ ਮਾਰਚ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂਅ ਮੰਗ-ਪੱਤਰ ਭੇਜਿਆ | ਰੋਸ ਮੁਜਾਹਰੇ 'ਚ ਚਿੱਟੇ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਮਾਂ-ਬਾਪ, ਪਤਨੀਆਂ ਤੇ ਉਨ੍ਹਾਂ ਦੇ ਬੱਚੇ ਭਰੇ ਮਨ ਨਾਲ ਉਨ੍ਹਾਂ ਦੀਆਂ ਤਸਵੀਰਾਂ ਚੁੱਕ ਕੇ ਸ਼ਾਮਿਲ ਹੋਏ | ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਦਲਿਤ, ਮਜ਼ਦੂਰ ਤੇ ਛੋਟੀ ਕਿਸਾਨੀ ਆਦਿ ਵਰਗਾਂ ਨਾਲ ਸੰਬੰਧਿਤ ਚਿੱਟੇ ਦੀ ਲੱਤ ਵਿਚ ਫਸੇ ਨੌਜਵਾਨ ਮੁੰਡੇ ਤਾਂ ਨਸ਼ੇ ਦੀ ਪੂਰਤੀ ਲਈ ਆਪਣੇ ਮਾਤਾ-ਪਿਤਾ ਦਾ ਮਿਹਨਤ ਨਾਲ ਬਣਾਇਆ ਘਰ ਦਾ ਸਾਮਾਨ ਆਦਿ ਵੀ ਚੋਰੀ ਕਰਕੇ ਵੇਚ ਦਿੰਦੇ ਹਨ, ਘਰ ਦੀ ਤਬਾਹੀ ਤੋਂ ਬਾਅਦ ਨਸ਼ਾ ਹੀ ਇਨ੍ਹਾਂ ਨਸ਼ੇੜੀ ਮੁੰਡਿਆਂ ਨੂੰ ਰਾਹਗੀਰਾਂ ਦੀ ਲੁੱਟ ਖੋਹ ਤੇ ਚੋਰੀਆਂ ਕਰਨ ਦੇ ਰਾਹ ਪਾਉਂਦਾ ਹੈ ਜੋ ਆਏ ਦਿਨ ਆਪਣੇ ਮਾਂ-ਪਿਓ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਨ ਦਾ ਜ਼ਰੀਆ ਬਣਦੇ ਹਨ | ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਵਰਗ ਨੂੰ ਚਿੱਟੇ ਦੇ ਮਾਰੂ ਨਸ਼ੇ ਤੋਂ ਬਚਾਉਣ ਦੀ ਅਹਿਮ ਜ਼ਰੂਰਤ ਹੈ | ਇਸ ਮੌਕੇ ਇਕੱਤਰਤਾ ਨੂੰ ਸਮਾਜ ਸੇਵੀ ਕੁਲਵੰਤ ਸਿੰਘ ਸਹੋਤਾ, ਗੁਰਮੀਤ ਸਿੰਘ ਮੱਲ੍ਹਾ, ਡਾਕਟਰ ਪਾਲ ਸਿੰਘ ਤੇ ਮਜ਼ਦੂਰ ਆਗੂ ਕੁਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ | ਇਕੱਤਰਤਾ ਨੇ ਮੰਗ ਕੀਤੀ ਕਿ ਚਿੱਟਾ ਤਸਕਰ, ਲੀਡਰਾਂ ਤੇ ਪੁਲਿਸ ਗੱਠਜੋੜ ਨੂੰ ਨੰਗਾ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ | ਚਿੱਟੇ ਕਾਰਨ ਮੌਤ ਦੇ ਮੂੰਹ ਗਏ ਨੌਜਵਾਨਾਂ ਦੇ ਮਾਪਿਆਂ ਤੇ ਪਤਨੀਆਂ ਲਈ 10-10 ਲੱਖ ਰੁਪਏ ਦਾ ਮੁਆਵਜ਼ਾ ਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ | ਨਸ਼ਾ ਛੁਡਾਊ ਕੇਂਦਰਾਂ ਦੀ ਗਿਣਤੀ ਵਧਾ ਕੇ ਉੱਥੇ ਡਾਕਟਰਾਂ, ਕਾਊਾਸਲਿੰਗ, ਦਵਾਈਆਂ ਅਤੇ ਚੰਗੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ | ਚਿੱਟੇ ਦੇ ਆਦੀ ਨੌਜਵਾਨਾਂ ਨੂੰ ਪਰਚਿਆਂ ਵਿਚ ਉਲਝਾਉਣ ਦੀ ਬਜਾਏ ਸੁਧਾਰ ਕੇ ਸਮਾਜ ਦੀ ਮੁੱਖ ਧਾਰਾ ਵਿਚ ਲਿਆਂਦਾ ਜਾਵੇ | ਚਿੱਟੇ ਦੇ ਵੱਡੇ ਸੌਦਾਗਰਾਂ ਉੱਪਰ ਸਖ਼ਤ ਕਾਰਵਾਈ ਕਰਕੇ ਗਿ੍ਫ਼ਤਾਰ ਕੀਤਾ ਜਾਵੇ | ਇਸ ਮੌਕੇ ਕਰਮ ਸਿੰਘ, ਜਗਤਾਰ ਸਿੰਘ, ਗੁਰਚਰਨ ਸਿੰਘ, ਅਜੈਬ ਸਿੰਘ, ਕਰਮਜੀਤ ਸਿੰਘ, ਬਖਤੌਰਾ ਸਿੰਘ, ਗੁਰਚਰਨ ਸਿੰਘ ਜੱਟੂ, ਹਰਦੇਵ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ ਗਰੇਵਾਲ, ਜਸਵੰਤ ਸਿੰਘ, ਇੰਦਰਜੀਤ ਸਿੰਘ, ਕੁਲਜਿੰਦਰ ਸਿੰਘ, ਜ਼ੋਰਾ ਸਿੰਘ, ਕਿਰਨਜੋਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ, ਜੰਟਾ ਸਿੰਘ, ਕੌਰਾ ਸਿੰਘ, ਬੂੜਾ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੈਨਸ਼ਨਜ਼ ਫਰੰਟ ਵਲੋਂ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਕੌਂਸਲਰ ਬੀਬੀ ਗੁਰਮੀਤ ਕੌਰ ਸਿੱਧੂ ਨੇ ਕੋਠੇ ਸ਼ੇਰਜੰਗ ਵਿਖੇ ਕੀਤਾ ਧੰਨਵਾਦੀ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।