ਮੁੱਲਾਂਪੁਰ-ਦਾਖਾ, 9 ਜੂਨ (ਨਿਰਮਲ ਸਿੰਘ ਧਾਲੀਵਾਲ)-ਐੱਸ.ਐੱਮ.ਐੱਲ. ਮੈਮੋਰੀਅਲ ਕਾਲਜ ਆਫ ਨਰਸਿੰਗ ਭਨੋਹੜ (ਨੈਸ਼ਨਲ ਹਾਈਵੇ) ਦੇ ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ ਪਹਿਲਾ ਸਾਲ (ਬੈਚ 2024) ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਗੇ ਅੰਕ ਹਾਸਲ ਕੀਤੇ ਹਨ | ਨਤੀਜਿਆਂ ਸਮੇਂ ਪ੍ਰੀਖਿਆ ਕੇਂਦਰ ਵਿਚ ਬੈਠੇ ਸਾਰੇ ਵਿਦਿਆਰਥੀਆਂ ਨੇ ਪਹਿਲੀ ਡਿਵੀਜ਼ਨ ਨਾਲ ਪ੍ਰੀਖਿਆ ਪਾਸ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਨਰਸਿੰਗ ਕਾਲਜ ਵਿਦਿਆਰਥਣ ਸਿਮਰਨ ਕੌਰ ਨੇ 75 ਫ਼ੀਸਦੀ ਅੰਕਾਂ ਨਾਲ ਮਦਰ ਐਂਡ ਚਾਈਲਡ ਹੈਲਥ ਨਰਸਿੰਗ (ਮੈਟਰਨਲ ਨਰਸਿੰਗ) ਵਿਸ਼ੇ ਵਿਚ ਡਿਸਟਿੰਕਸ਼ਨ ਪ੍ਰਾਪਤ ਕਰਕੇ ਆਪਣੀ ਮਿਹਨਤ, ਲਗਨ ਅਤੇ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਕਾਲਜ ਦੇ ਪ੍ਰਬੰਧਕ ਡਾ: ਬੀ.ਐੱਲ. ਬਾਂਸਲ, ਡਾ: ਵਰੁਣ ਬਾਂਸਲ, ਡਾ. ਗੀਤਿਕਾ ਬਾਂਸਲ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਨਤੀਜੇ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਸਮਰਪਿਤ ਮਿਹਨਤ ਅਤੇ ਕਾਲਜ ਦੇ ਉੱਚ ਅਕਾਦਮਿਕ ਮਿਆਰਾਂ ਦਾ ਪ੍ਰਤੀਕ ਹਨ | ਕਾਲਜ ਪਿ੍ੰਸੀਪਲ ਪ੍ਰੋ. ਕੁਲਵਿੰਦਰ ਕੌਰ ਸਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਵਿਦਿਆਰਥੀਆਂ ਵਲੋਂ ਪਹਿਲੀ ਡਿਵੀਜ਼ਨ ਹਾਸਲ ਕਰਨਾ ਕਾਲਜ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਸਟਾਫ਼ ਨੇ ਵਿਦਿਆਰਥੀਆਂ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |