ਈਸੜੂ, 9 ਜੂਨ (ਬਲਵਿੰਦਰ ਸਿੰਘ)-ਅੱਜ ਨੇੜਲੇ ਪਿੰਡ ਅਲੂਣਾ ਮਿਆਨਾਂ ਵਿਖੇ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਦੇ ਬੈਠਣ ਤੇ ਖੇਡਣ ਲਈ ਬਹੁਤ ਹੀ ਆਲੀਸ਼ਾਨ ਤੇ ਨਵੀਂ ਦਿੱਖ ਵਾਲੀ ਬਣਾਈ ਨਵੀਂ ਸੱਥ ਦਾ ਉਦਘਾਟਨ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਸਰਪੰਚ ਅਕਵਿੰਦਰ ਕੌਰ, ਸਮੂਹ ਪੰਚਾਇਤ ਮੈਂਬਰ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪਿੰਡਾਂ ਵਿੱਚ ਬਣੀਆਂ ਸੱਥਾਂ ਵਿੱਚ ਬੈਠਣ ਵਾਲੇ ਬਜ਼ੁਰਗਾਂ ਤੇ ਨੌਜਵਾਨਾਂ ਦੀ ਸਾਂਝ ਗੂੜ੍ਹੀ ਹੁੰਦੀ ਹੈ, ਜਿੱਥੇ ਬਜ਼ੁਰਗਾਂ ਕੋਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ, ਉੱਥੇ ਇੱਕ ਦੂਜੇ ਨਾਲ ਦੁੱਖ ਸੁੱਖ ਵੀ ਸਾਂਝਾ ਹੋ ਜਾਂਦਾ ਹੈ | ਗਿਆਸਪੁਰਾ ਨੇ ਪਿੰਡ ਅਲੂਣਾ ਮਿਆਨਾਂ ਦੇ ਸੱਥ ਵਿੱਚ ਬੈਠੇ ਬਜ਼ੁਰਗਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੁਸੀ ਬੱਚਿਆਂ ਲਈ ਪ੍ਰੇਰਨਾ ਸਰੋਤ ਹੋ, ਜਿਹਨਾਂ ਨੂੰ ਤੁਹਾਡੇ ਕੋਲੋਂ ਅਲੋਪ ਹੋ ਰਹੇ ਪੁਰਾਤਨ ਪੰਜਾਬੀ ਵਿਰਸੇ, ਪੁਰਾਣੀਆਂ ਕਹਾਵਤਾਂ ਤੇ ਚੀਜ਼ਾਂ ਤੋਂ ਇਲਾਵਾ ਹੋਰ ਬਹੁਤ ਕੁੱਝ ਸਿੱਖਣ ਦੀ ਲੋੜ ਹੈ | ਇਸ ਸਮੇਂ ਸੱਥ ਤੋਂ ਇਲਾਵਾ ਬੱਸ ਸਟੈਂਡ ਤੇ ਪਾਏ ਨਵੇ ਸ਼ੈੱਡ ਦਾ ਵੀ ਮਹੂਰਤ ਕੀਤਾ | ਇਸ ਮੌਕੇ ਸਰਪੰਚ ਅਕਵਿੰਦਰ ਕੌਰ, ਗਗਨਦੀਪ ਸਿੰਘ ਬੱਬੂ, ਗੁਰਵਿੰਦਰ ਸਿੰਘ ਖ਼ਾਲਸਾ, ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਸ਼ਿੰਗਾਰਾ ਸਿੰਘ, ਅਮਰਜੀਤ ਸਿੰਘ, ਪੰਚ ਜਗਤਾਰ ਸਿੰਘ, ਪੰਚ ਸਤਵੰਤ ਸਿੰਘ, ਨਿਰਮਲ ਸਿੰਘ, ਮੇਜਰ ਸਿੰਘ ਵੀ ਹਾਜ਼ਰ ਸਨ |