ਹੰਬੜਾਂ, 10 ਜੂਨ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਵਿਖੇ ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ 'ਤੇ ਹਰੇਕ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਹਾੜ੍ਹ ਮਹੀਨੇ ਦੇ ਜੇਠੇ ਵੀਰਵਾਰ 18 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਮੇਲੇ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਤਲਵਿੰਦਰ ਹਾਂਸ, ਦਵਿੰਦਰ ਅਹੂਜਾ, ਨਰੇਸ਼ ਕੁਮਾਰ ਅਤੇ ਬਾਬਾ ਪਿਆਰਾ ਸਿੰਘ ਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ 18 ਜੂਨ ਨੂੰ ਜਿੱਥੇ ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ 'ਤੇ ਝੰਡਾ ਚੜਾਉਣ ਦੀ ਰਸਮ ਹੋਵੇਗੀ ਉੱਥੇ ਪ੍ਰਸਿੱਧ ਪੰਜਾਬੀ ਲੋਕ ਗਾਇਕ 'ਲਾਭ ਰਾਜਸਥਾਨੀ, ਬੀਬਾ ਕਮਲ ਸ਼ੇਰਗਿੱਲ ਅਤੇ ਗਿੱਲ ਕਮਲ ਬੀਬਾ ਨੀਲਮ ਭਿੰਡਰ ਦਾ ਖੁੱਲ੍ਹਾ ਅਖਾੜਾ ਲੱਗੇਗਾ, ਜਿਸ ਨੂੰ ਲੈ ਕੇ ਦਰਸ਼ਕਾਂ 'ਚ ਖੁਸ਼ੀ ਪਾਈ ਜਾ ਰਹੀ ਹੈ | ਉਨ੍ਹਾਂ ਹੋਰ ਕਿਹਾ ਕਿ ਮੇਲੇ ਸਮੇਂ ਜਿੱਥੇ ਲੰਗਰ ਵਰਤਾਏ ਜਾਣਗੇ, ਉੱਥੇ ਚੌਲਾ ਦਾ ਭੰਡਾਰਾ ਅਤੇ ਜਲੇਬੀਆਂ ਦੇ ਲੰਗਰ ਵਰਤਾਏ ਜਾਣਗੇ | ਗਰਮੀ ਨੂੰ ਦੇਖਦਿਆਂ ਮੇਲੇ ਦੇ ਪ੍ਰਬੰਧਕਾਂ ਵਲੋਂ ਸੇਵਾਦਾਰਾਂ ਦੇ ਸਹਿਯੋਗ ਨਾਲ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ | ਉਨ੍ਹਾਂ ਪੀਰ ਬਾਬਾ ਚੋਟੇ ਸ਼ਾਹ ਦੀ ਦਰਗਾਹ 'ਤੇ ਨਤਮਸਤਕ ਹੋਣ ਵਾਲੇ ਭਗਤਾਂ ਨੂੰ ਹੁੰਮ-ਹਮਾ ਕੇ ਪੁੱਜਣ ਦੀ ਅਪੀਲ ਕੀਤੀ | ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਮੇਲੇ 'ਚ ਕਮੈਂਟਰੀ ਲੱਕੀ ਢੱਟ ਵਲੋਂ ਕੀਤੀ ਜਾਵੇਗੀ |