ਗੁਰੂਸਰ ਸੁਧਾਰ, 10 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਸਬੇ ਵਿਚੋਂ ਲੰਘਦੀ ਅਬੋਹਰ ਬਰਾਂਚ ਨਹਿਰ ਵਿਚੋਂ ਨਿਕਲਦੇ ਅਕਾਲਗੜ੍ਹ ਰਜਬਾਹੇ ਰਾਹੀਂ ਪਿਛਲੇ ਦਿਨਾਂ ਤੋਂ ਪਾਣੀ ਜ਼ਿਆਦਾ ਮਾਤਰਾ ਵਿਚ ਵਗਣ ਕਾਰਨ ਇਸ ਰਜਬਾਹੇ ਦੇ ਮੁੱਢ ਕੋਲੋਂ ਹੀ ਕਈ ਥਾਈਾ ਦੋਨੇ ਪਾਸਿਓਾ ਮਿੱਟੀ ਖੁਰ ਜਾਣ ਕਾਰਨ ਖ਼ਾਰਾਂ ਪੈ ਗਈਆਂ ਹਨ ਤੇ ਰਜਬਾਹੇ ਦੇ ਇਰਦ ਗਿਰਦ ਲੱਗਦੇ ਵਸਨੀਕਾਂ ਨੇ ਭਵਿੱਖ 'ਚ ਸੰਭਾਵੀ ਤੌਰ 'ਤੇ ਭਾਰੀ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ | ਨੇੜਲੇ ਘਰਾਂ ਦੇ ਲੋਕਾਂ ਅਨੁਸਾਰ ਪਿਛਲੇ ਦਿਨਾਂ ਤੋਂ ਨੱਕੋ ਨੱਕ ਵਗ ਰਹੇ ਇਸ ਰਜਬਾਹੇ ਦਾ ਪਾਣੀ ਓਵਰ ਫਲੋਅ ਹੋ ਕੇ ਜੰਗਲਾਤ ਵਿਭਾਗ ਦੀ ਬੂਟੇ ਤਿਆਰ ਕਰਨ ਵਾਲੀ ਪੁਰਾਣੀ ਨਰਸਰੀ ਵਿਚ ਇਕੱਠਾ ਹੋ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਜਦ ਇਹ ਪਾਣੀ ਰਜਬਾਹਾ ਟੁੱਟ ਜਾਣ ਦੀ ਸੂਰਤ ਵਿਚ ਉਨ੍ਹਾਂ ਦੇ ਘਰਾਂ ਵਿਚ ਦਾਖ਼ਲ ਹੋ ਜਾਵੇ | ਕੁਝ ਵਸਨੀਕਾਂ ਨੇ ਇਹ ਵੀ ਸ਼ੱਕ ਪ੍ਰਗਟ ਕੀਤਾ ਕਿ ਹਨੇਰੇ ਸਵੇਰੇ ਜ਼ਿਮੀਂਦਾਰ ਜਾਂ ਕੋਈ ਹੋਰ ਵਿਅਕਤੀ ਨਹਿਰ ਦੇ ਮੁੱਖ ਮੋਘੇ 'ਚੋ ਰਜਬਾਹੇ ਦੇ ਪਾਣੀ ਨਿਕਾਸੀ ਵਾਲੇ ਲੋਹੇ ਦੇ ਗੇਟ ਨੂੰ 'ਚਾਬੀ' ਦੀ ਸਹਾਇਤਾ ਨਾਲ ਵੱਧ ਚੁੱਕ ਜਾਂਦੇ ਹਨ ਤੇ ਰਜਬਾਹਾ ਨੱਕੋ ਨੱਕ ਵਗਣ ਲੱਗ ਜਾਂਦਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਨਹਿਰੀ ਮਹਿਕਮੇ ਦੇ ਗੇਜ ਰੀਡਰ ਨੇ ਦੱਸਿਆ ਕਿ ਮੋਘੇ 'ਤੇ ਸਥਿਤ ਲੋਹੇ ਦੇ ਗੇਟ ਨੂੰ ਉਪਰ, ਹੇਠਾਂ ਕਰਨ ਵਾਲੀ ਮਸ਼ੀਨ ਖ਼ਰਾਬ ਹੋ ਗਈ ਹੈ ਤੇ ਇਸ ਕਾਰਨ ਇਹ ਸਮੱਸਿਆ ਆ ਰਹੀ ਹੈ | ਉਸ ਅਨੁਸਾਰ ਇਸ ਦੀ ਸੂਚਨਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਜਾ ਚੁੱਕੀ ਹੈ | ਦੂਜੇ ਪਾਸੇ ਇਸ ਸਬੰਧੀ ਵਿਭਾਗ ਦੇ ਐਸ ਡੀ ਓ ਤੇ ਜੇ.ਈ.ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਅਸਫ਼ਲ ਰਹੀ |