11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਇਲੈੱਕਸ਼ਨ ਸੈੱਲ ਜਗਰਾਉਂ 'ਚ ਕੰਮ ਕਰਦੇ ਇਕ ਮੁਲਾਜ਼ਮ ਖ਼ਿਲਾਫ਼ ਐੱਸ.ਡੀ.ਐੱਮ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 12-06-2026
ਜਗਰਾਉਂ, 11 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਬੀ.ਪੀ.ਈ.ਓ. ਅਤੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵਲੋਂ ਇਲੈਕਸ਼ਨ ਸੈੱਲ ਜਗਰਾਉਂ 'ਚ ਕੰਮ ਕਰਦੇ ਇਕ ਮੁਲਾਜ਼ਮ ਖ਼ਿਲਾਫ਼ ਕਈ ਗੰਭੀਰ ਦੋਸ਼ ਲਗਾ ਕੇ ਐੱਸ.ਡੀ.ਐੱਮ. ਜਗਰਾਉਂ ਨੂੰ ਮੰਗ ਪੱਤਰ ਦਿੰਦਿਆਂ ਡੈਪੂਟੇਸ਼ਨ 'ਤੇ ਆਏ ਇਸ ਮੁਲਾਜ਼ਮ ਨੂੰ ਇੱਥੋਂ ਫਾਰਗ ਕਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਅੱਜ ਬੀ.ਪੀ.ਈ.ਓ. ਸੁਖਦੇਵ ਸਿੰਘ, ਈ.ਟੀ.ਟੀ. ਪ੍ਰਧਾਨ ਪਰਮਿੰਦਰ ਸਿੰਘ, ਐੱਸ.ਸੀ.ਬੀ.ਸੀ. ਪ੍ਰਧਾਨ ਸਤਨਾਮ ਸਿੰਘ, ਡੀ.ਟੀ.ਐੱਫ. ਪ੍ਰਧਾਨ ਨਵਗੀਤ ਸਿੰਘ, ਮਾ: ਜਰਨੈਲ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ ਆਦਿ ਨੇ ਐੱਸ.ਡੀ.ਐੱਮ. ਮੈਡਮ ਉਪਿੰਦਰਜੀਤ ਕੌਰ ਬਰਾੜ ਨੂੰ ਮਿਲ ਕੇ ਦੱਸਿਆ ਕਿ ਇਲੈਕਸ਼ਨ ਸੈੱਲ 'ਚ ਕੰਮ ਕਰਦੇ ਦੀਪਕ ਸ਼ਰਮਾ ਵਲੋਂ ਅਧਿਆਪਕਾਂ ਦੀਆਂ ਬੀ.ਐੱਲ.ਓ., ਸੈਸਜ਼ ਡਿਊਟੀ ਅਤੇ ਡਰੱਗ ਤੇ ਸੋਸ਼ਲ ਇਕਨਾਮਿਕ ਸੈਸਜ਼ 'ਚ ਲਗਾਈਆਂ ਜਾਂਦੀਆਂ ਡਿਊਟੀਆਂ ਦੌਰਾਨ ਅਧਿਆਪਕਾਂ ਨਾਲ ਪੱਖਪਾਤੀ ਰਵੱਈਆਂ ਅਪਣਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਬੀ.ਪੀ.ਈ.ਓ. ਦਫ਼ਤਰ ਵਿਖੇ ਐੱਮ.ਆਈ.ਐੱਸ. ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾਉਣ ਸਮੇਂ ਇਸ ਮੁਲਾਜ਼ਮ ਵਲੋਂ ਬੀ.ਪੀ.ਈ.ਓ. ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਗਈ ਸੀ, ਜਿਸ ਖ਼ਿਲਾਫ਼ ਬੀ.ਪੀ.ਈ.ਓ. ਦੀ ਅਗਵਾਈ 'ਚ ਅਧਿਆਪਕਾਂ ਵਲੋਂ ਐੱਸ.ਐੱਸ.ਪੀ. ਨੂੰ ਦਰਖਾਸਤ ਦਿੱਤੀ ਗਈ ਸੀ ਤੇ ਇਸ ਮੁਲਾਜ਼ਮ ਵਲੋਂ ਉਸ ਸਮੇਂ ਲਿਖਤੀ ਗਲਤੀ ਕਬੂਲੀ ਸੀ | ਵਫ਼ਦ ਨੇ ਦੱਸਿਆ ਕਿ ਉਸ ਸਮੇਂ ਇਸਦੇ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਐੱਸ.ਐੱਸ.ਪੀ. ਨੂੰ ਮਿਲਣ ਵਾਲੇ ਅਧਿਆਪਕਾਂ ਨੂੰ ਹੁਣ ਇਸ ਮੁਲਾਜ਼ਮ ਵਲੋਂ ਡਿਊਟੀਆਂ ਲਗਾਉਣ ਸਮੇਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਆਪਣੇ ਚਹੇਤੇ ਅਧਿਆਪਕਾਂ ਦੀਆਂ ਕਿਤੇ ਵੀ ਡਿਊਟੀਆਂ ਨਹੀਂ ਲਗਾਈਆਂ ਜਾ ਰਹੀਆਂ | ਵਫ਼ਦ ਨੇ ਇਹ ਵੀ ਦੱਸਿਆ ਕਿ ਇਸ ਮੁਲਾਜ਼ਮ ਖ਼ਿਲਾਫ਼ ਹੋਰ ਵੀ ਕਈ ਸ਼ਿਕਾਇਤਾਂ ਪੈਂਡਿੰਗ ਪਈਆਂ ਹਨ | ਉਨ੍ਹਾਂ ਐੱਸ.ਡੀ.ਐੱਮ. ਜਗਰਾਉਂ ਤੋਂ ਮੰਗ ਕੀਤੀ ਕਿ ਅਜਿਹੇ ਪੱਖਪਾਤੀ ਰਵੱਈਏ ਵਾਲੇ ਮੁਲਾਜ਼ਮ ਨੂੰ ਇੱਥੋਂ ਬਦਲਿਆ ਜਾਵੇ | ਇਸ ਮੌਕੇ ਅਧਿਆਪਕ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਉਕਤ ਮੁਲਾਜ਼ਮ ਨੂੰ ਨਾ ਬਦਲਿਆ ਗਿਆ ਤਾਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਡਾ. ਗਿੱਲ ਨੇ ਨੌਜਵਾਨਾਂ ਨੂੰ ਖੇਡ ਕਿੱਟਾਂ ਦਿੱਤੀਆਂ ਅਗਲੀ ਖ਼ਬਰ ਗੁੱਜਰਵਾਲ ਵਿਖੇ ਸੂਫ਼ੀ ਮਹਿਫ਼ਲ ਅਤੇ ਭੰਡਾਰਾ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।