15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬੁਰਜ ਕੁਲਾਰਾਂ ਦਾ ਉਸਾਰੀ ਅਧੀਨ ਛੱਪੜ ਥੋੜੇ੍ਹ ਜਿਹੇ ਮੀਂਹ ਨਾਲ ਹੋਇਆ ਢਹਿ-ਢੇਰੀ

ਅਜੀਤ ਡੈਸਕ 14-06-2026
ਹਠੂਰ, 13 ਜੂਨ (ਜਸਵਿੰਦਰ ਸਿੰਘ ਛਿੰਦਾ)-ਪਿੰਡ ਬੁਰਜ ਕੁਲਾਰਾ ਦੇ ਪਿੰਡ ਵਿਚਕਾਰਲੇ ਛੱਪੜ ਦੇ ਨਵੀਂਨੀਕਰਨ ਦੀਆਂ ਅੱਜ ਉਸ ਸਮੇਂ ਧੱਜੀਆਂ ਉੱਡ ਗਈਆਂ, ਜਦ ਬੀਤੀ ਰਾਤ ਥੋੜੇ੍ਹ ਜਿਹੇ ਪਏ ਮੀਂਹ ਨਾਲ ਹੀ ਛੱਪੜ ਨੂੰ ਪੱਕਿਆਂ ਕਰਨ ਦੇ ਕੰਮ ਦੌਰਾਨ ਹੀ ਬਹੁਤ ਸਾਰੀਆਂ ਕੰਧਾਂ ਢਹਿ ਢੇਰੀ ਹੋ ਗਈਆਂ | ਇਸ ਸਬੰਧੀ ਸਾਬਕਾ ਸਰਪੰਚ ਬੂਟਾ ਸਿੰਘ ਬੁਰਜ ਕੁਲਾਰਾ, ਸਾਬਕਾ ਸਰਪੰਚ ਦੇ ਪਤੀ ਨਿਰਮਲ ਸਿੰਘ ਅਤੇ ਜਗਪ੍ਰੀਤ ਸਿੰਘ ਪੰਚ ਨੇ ਪਿੰਡ ਦੇ ਮੁਹਤਵਰਾਂ ਦੀ ਹਾਜ਼ਰੀ 'ਚ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚਲੇ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਤੇ ਨਵੀਂਨੀਕਰਨ ਲਈ ਸਰਬਸੰਮਤੀ ਨਾਲ ਬਣਾਏ ਸਰਪੰਚ ਚਮਕੌਰ ਸਿੰਘ ਵਲੋਂ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ 'ਚ ਸਮੂਹ ਨਗਰ ਨੇ ਸਹਿਯੋਗ ਦਿੱਤਾ ਅਤੇ ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ 22 ਮਈ ਨੂੰ ਕੀਤਾ ਗਿਆ ਸੀ ਅਤੇ ਸਾਰੇ ਲੋਕਾਂ ਨੂੰ ਵੀ ਇਸ ਗੱਲ ਦੀ ਖੁਸ਼ੀ ਸੀ | ਪਰ ਅੱਜ ਥੋੜੇ੍ਹ ਜਿਹੇ ਪਏ ਮੀਂਹ ਨਾਲ ਉਕਤ ਬਣਾਇਆ ਜਾ ਰਿਹਾ ਛੱਪੜ ਢਹਿ ਢੇਰੀ ਹੋ ਗਿਆ | ਆਗੂਆਂ ਨੇ ਇਸ ਛੱਪੜ ਨੂੰ ਬਣਾਏ ਜਾਣ ਲਈ ਵਰਤੇ ਜਾ ਰਹੇ ਮਾੜੇ ਮਟੀਰੀਅਲ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪਿੱਲੀਆਂ ਇੱਟਾਂ ਵਰਤੀਆਂ ਗਈਆਂ ਹਨ ਅਤੇ ਸੀਮਿੰਟ ਦੀ ਮਿਕਦਾਰ ਵੀ ਬਹੁਤ ਘੱਟ ਹੈ ਅਤੇ ਡਿੱਗੀਆਂ ਕੰਧਾਂ ਦੀਆਂ ਇੱਟਾਂ ਨੂੰ ਨਾ ਮਾਤਰ ਲੱਗੇ ਸੀਮਿੰਟ ਤੋਂ ਪਤਾ ਲਗਦਾ ਹੈ | ਸਾਬਕਾ ਸਰਪੰਚ ਬੂਟਾ ਸਿੰਘ ਬੁਰਜ ਕੁਲਾਰਾ ਨੇ ਕਿਹਾ ਕਿ ਇਸ ਛੱਪੜ ਨੂੰ ਬਣਾਉਣ ਤੋਂ ਪਹਿਲਾਂ ਕੋਈ ਮਿਣਤੀ ਨਹੀਂ ਕੀਤੀ ਗਈ ਅਤੇ ਕੋਈ ਮਤਾ ਵੀ ਨਾ ਪਾਏ ਜਾਣ ਦੇ ਦੋਸ਼ ਲਾਏ | ਉਨ੍ਹਾਂ ਕਿਹਾ ਕਿ ਸਰਪੰਚ ਚਮਕੌਰ ਸਿੰਘ ਨੇ ਇਸ ਛੱਪੜ ਨੂੰ ਆਪਣੇ ਨਿੱਜੀ ਮੁਫਾਦ ਲਈ ਬਹੁਤ ਜਿਆਦਾ ਕਰੀਬ 50 ਫੁੱਟ ਡੂੰਘਾ ਕਰ ਦਿੱਤਾ ਹੈ, ਜੋ ਕਦੇ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ ਅਤੇ ਇੱਥੋਂ ਮਾਈਨਿੰਗ ਕੀਤੇ ਜਾਣ ਦੇ ਵੀ ਦੋਸ਼ ਲਾਏ | ਛੱਪੜ ਦੀ ਮਿੱਟੀ ਨੂੰ ਮੌਜੂਦਾ ਸਰਪੰਚ ਵਲੋਂ ਆਪਣੇ ਖੇਤ 'ਚ ਸੁੱਟੇ ਜਾਣ ਦੇ ਗੰਭੀਰ ਦੋਸ਼ ਵੀ ਲਾਏ | ਉਨ੍ਹਾਂ ਕਿਹਾ ਕਿ ਏਨਾ ਡੂੰਘਾ ਛੱਪੜ ਕਿਸ ਦੀ ਮਨਜ਼ੂਰੀ ਨਾਲ ਹੋਇਆ ਇਹ ਤਾਂ ਸਰਪੰਚ ਜਾਂ ਪੰਚਾਇਤ ਸੈਕਟਰੀ ਹੀ ਦੱਸ ਸਕਦਾ ਹੈ | ਸਾਬਕਾ ਸਰਪੰਚ ਦੇ ਪਤੀ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਚੇ 36 ਲੱਖ ਰੁਪਏ ਮੌਜੂਦਾ ਸਰਪੰਚ ਦੇ ਪੰਚਾਇਤੀ ਕੰਮਾਂ ਲਈ ਦਿੱਤੇ ਗਏ, ਪਰ ਅੱਜ ਲੱਖਾਂ ਰੁਪਏ ਖਰਚ ਕੇ ਵੀ ਛੱਪੜ ਢਹਿ ਢੇਰੀ ਹੋ ਗਿਆ ਹੈ | ਸਮੂਹ ਨੇ ਇਸ ਛੱਪੜ ਲਈ ਵਰਤੋਂ ਘਟੀਆ ਮਟੀਰੀਅਲ, ਫੰਡਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ | ਇਸ ਮੌਕੇ ਮੱਖਣ ਸਿੰਘ ਰਾਉਕੇ, ਜਗਸੀਰ ਸਿੰਘ, ਗਗਨਦੀਪ ਸਿੰਘ, ਨਾਜ਼ਰ ਸਿੰਘ, ਬੇਅੰਤ ਸਿੰਘ, ਮਹਿੰਦਰ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ ਪੰਚ, ਮੁਖਤਿਆਰ ਸਿੰਘ, ਸਤਨਾਮ ਸਿੰਘ, ਰਾਜਵਿੰਦਰ ਸਿੰਘ, ਪ੍ਰਧਾਨ ਸਿਮਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਇਸ ਸਬੰਧ ਵਿਚ ਮੌਜੂਦਾ ਸਰਪੰਚ ਚਮਕੌਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਛੱਪੜ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਬਕਾਇਦਾ ਮਤਾ ਪਾਇਆ ਗਿਆ ਹੈ ਅਤੇ ਕਰੀਬ 20-25 ਲੱਖ ਰੁਪਏ ਹੁਣ ਤੱਕ ਲੱਗ ਚੁੱਕੇ ਹਨ ਅਤੇ ਅਜੇ ਹੋਰ ਲੱਗਣੇ ਹਨ | ਛੱਪੜ ਦੇ ਢਹਿ ਢੇਰੀ ਹੋਣ ਬਾਰੇ ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਨੇ ਪਾਣੀ ਛੱਡਣਾ ਸੀ ਪਰ ਕਿਸੇ ਨੇ ਸ਼ਰਾਰਤ ਕਰਕੇ ਪਾਣੀ ਖੋਲਿ੍ਹਆ, ਜਿਸ ਬਾਰੇ ਉਹ ਸੀ.ਸੀ.ਟੀ.ਵੀ. ਰਾਹੀਂ ਦੇਖ ਰਹੇ ਹਨ ਕਿ ਕਿਸ ਨੇ ਸ਼ਰਾਰਤ ਕੀਤੀ ਹੈ | ਛੱਪੜ ਦੀ ਮਿੱਟੀ ਖੇਤ ਪਾਈ ਹੋਣ ਬਾਰੇ ਪੁੱਛੇ ਜਾਣ 'ਤੇ ਉਨਾਂ ਕਿਹਾ ਕਿ ਬਿਲਕੁਲ ਨਹੀਂ ਇਹ ਮਿੱਟੀ ਉਨ੍ਹਾਂ ਨੇ ਗਰਾਊਾਡ, ਪੰਚਾਇਤੀ ਜ਼ਮੀਨ, ਬੱਸ ਅੱਡੇ ਅਤੇ ਪੰਚਾਇਤ ਘਰ ਵਿਚ ਪਾਈ ਹੈ ਅਤੇ ਕਿਸੇ ਕਿਸਮ ਦਾ ਮਾੜਾ ਮਟੀਰੀਅਲ ਨਹੀਂ ਲਾਇਆ ਗਿਆ ਸਗੋਂ ਇਕ ਨੰਬਰ ਦਾ ਅੱਵਲ ਮਟੀਰੀਅਲ ਵਰਤਿਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪਾਣੀ ਲੈਬਲ ਤੋਂ 18-19 ਫੁੱਟ ਛੱਪੜ ਡੂੰਘਾ ਕੀਤਾ ਹੈ, ਵਿਰੋਧੀ ਜਾਣਬੁੱਝ ਕੇ ਵੱਧ ਦਰਸਾ ਰਹੇ ਹਨ |
ਪਿਛਲੀ ਖ਼ਬਰ ਤਕਨੀਕੀ ਨੁਕਸ ਕਾਰਨ ਕੇਨਰਾ ਬੈਂਕ ਦੇ ਵੱਜਦੇ 'ਅਲਾਰਮ' ਤੋਂ ਲੋਕ ਦੁਖੀ ਅਗਲੀ ਖ਼ਬਰ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਏ ਵਿਧਾਇਕ ਇਯਾਲੀ ਨਾਲ ਚੱਟਾਨ ਵਾਂਗ ਖੜੇ੍ਹ ਹਾਂ-ਡਾ. ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।