17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

-ਮਾਮਲਾ ਹਲਕਾ ਰਿਜ਼ਰਵ ਹੋਣ 'ਤੇ ਅਕਾਲੀ ਦਲ 'ਚ ਆਏ ਨਿਘਾਰ ਦਾ- ਵਿਧਾਨ ਸਭਾ ਹਲਕਾ ਰਾਏਕੋਟ ਨੂੰ ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਵਲੋਂ ਕੀਤਾ ਜਾ ਰਿਹੈ ਅਣਦੇਖਿਆ

ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੱਕੜੀ' ਦੀ ਤਸਵੀਰ | <br/> ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ <br/> 14-06-2026
ਰਾਏਕੋਟ, 13 ਜੂਨ (ਬਲਵਿੰਦਰ ਸਿੰਘ ਲਿੱਤਰ)-ਕਿਸੇ ਸਮੇਂ ਵਿਧਾਨ ਸਭਾ ਹਲਕਾ ਰਾਏਕੋਟ 'ਚ ਅਕਾਲੀ ਦਲ ਦੀ ਤੂਤੀ ਬੋਲ੍ਹਦੀ ਸੀ, ਜਿਸ ਦਾ ਮੁੱਖ ਕਾਰਨ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਉਨ੍ਹਾਂ ਦਾ ਪਰਿਵਾਰ ਸੀ, ਜਦੋਂ ਦਾ ਇਹ ਹਲਕਾ ਰਿਜ਼ਰਵ ਹੋਇਆ ਹੈ ਉਸ ਸਮੇਂ ਤੋਂ ਹੀ ਇਸ ਹਲਕੇ ਨੂੰ ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਕਿਸੇ ਯੋਗ ਹਲਕਾ ਇੰਚਾਰਜ ਨੂੰ ਵਾਗਡੋਰ ਸੰਭਾਲਣ 'ਚ ਫੇਲ੍ਹ ਸਾਬਿਤ ਹੋਈ ਹੈ | ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਨੂੰ ਹਰ ਪੱਖੋਂ ਨਜਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪਾਰਟੀ ਵਰਕਰਾਂ 'ਚ ਨਾਮੋਸ਼ੀ ਦੇ ਬੱਦਲ ਛਾਏ ਹੋਏ ਹਨ | ਇਸ ਮੌਕੇ ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ (ਸਾਬਕਾ ਵਾਈਸ ਚੇਅਰਮੈਨ ਵੇਰਕਾ ਮਿਲਕ ਪਲਾਂਟ ਲੁਧਿਆਣਾ) ਨੇ ਦੱਸਿਆ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਵਿੰਗ ਦੇ ਪ੍ਰਧਾਨ ਸ੍ਰੀ ਐੱਨ.ਕੇ ਸ਼ਰਮਾ ਵਲੋਂ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਸਨ, ਜਿਸ ਦੌਰਾਨ ਨੇੜਲੇ ਹਲਕੇ ਜਗਰਾਉਂ ਤੇ ਦਾਖਾ 'ਚ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ, ਜਦਕਿ ਰਾਏਕੋਟ ਦੇ ਵਪਾਰੀਆਂ ਨੂੰ ਨਜਰਅੰਦਾਜ਼ ਕਰ ਦਿੱਤਾ ਗਿਆ | ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਐੱਸ.ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਵਲੋਂ ਨਾਲ ਲੱਗਦੇ ਹਲਕਿਆਂ ਦੇ ਬੀ.ਸੀ. ਅਤੇ ਐੱਸ.ਸੀ. ਵਿੰਗ ਦੇ ਪ੍ਰਧਾਨ ਥਾਪ ਦਿੱਤੇ ਗਏ ਪ੍ਰੰਤੂ ਪਹਿਲਾਂ ਦੀ ਤਰ੍ਹਾਂ ਰਾਏਕੋਟ ਹਲਕੇ ਨੂੰ ਅਣਗੌਲਿਆ ਕਰ ਦਿੱਤਾ ਗਿਆ | ਇਸੇ ਤਰ੍ਹਾਂ ਹੀ ਬੀਤੀ ਕੱਲ੍ਹ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਵੱਖ-ਵੱਖ 84 ਵਿਧਾਨ ਸਭਾ ਹਲਕਿਆਂ ਤੋਂ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਦਕਿ ਪਹਿਲਾਂ ਦੀ ਰੀਤ ਮੁਤਾਬਿਕ ਵਿਧਾਨ ਸਭਾ ਹਲਕਾ ਰਾਏਕੋਟ ਨਾਲ ਮੁੜ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਇਸ ਹਲਕੇ ਦੇ ਯੂਥ ਵਰਕਰਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਪਹਿਲਾਂ ਹੀ ਯੂਥ ਵਰਕਰਾਂ ਦੀ ਵੱਡੀ ਘਾਟ ਹੈ, ਜਿਸ ਦਾ ਮੁੱਖ ਕਾਰਨ ਪਿਛਲੇ 6-7 ਸਾਲ ਪਹਿਲਾਂ ਆਇਲਟਸ ਰਾਹੀਂ ਵਿਦੇਸ਼ ਜਾਣ ਕਾਰਨ ਪਿੰਡਾਂ ਤੇ ਸ਼ਹਿਰਾਂ 'ਚ ਨੌਜਵਾਨ ਘੱਟ ਹੀ ਨਜ਼ਰ ਪੈਂਦੇ ਹਨ ਪਰ ਫ਼ਿਰ ਵੀ ਕਿਸੇ ਜ਼ਿੰਮੇਵਾਰ ਨੌਜਵਾਨ ਨੂੰ ਹਲਕਾ ਰਾਏਕੋਟ ਵਿਚ ਕੋਈ ਜ਼ਿੰਮੇਵਾਰੀ ਨਾ ਸੰਭਾਲਣਾ ਪਾਰਟੀ ਦੀ ਬੜੀ ਵੱਡੀ ਕਮਜ਼ੋਰੀ ਤੇ ਬੇਸਮਝੀ ਮੰਨੀ ਜਾਵੇਗੀ | ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਵਿਧਾਨ ਸਭਾ ਹਲਕਾ ਰਾਏਕੋਟ ਵੱਲ ਖ਼ਾਸ ਧਿਆਨ ਦੇਣ ਦੀ ਖ਼ੇਚਲ ਕਰਨ ਕਿਉਂਕਿ ਹਲਕਾ ਰਾਏਕੋਟ ਟਕਸਾਲੀ ਹਲਕਿਆਂ ਵਿਚੋਂ ਪ੍ਰਮੁੱਖ ਹਲਕਾ ਸੀ ਅਤੇ ਅਕਾਲੀ ਦਲ ਦਾ ਧੁਰਾ ਮੰਨ੍ਹੇ ਜਾਂਦੇ ਹਲਕੇ ਰਾਏਕੋਟ ਵਿਚੋਂ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਸਮੁੱਚੇ ਪੰਜਾਬ ਭਰ 'ਚ ਅਕਾਲੀ ਦਲ ਨੂੰ ਭਾਰੀ ਪੈ ਸਕਦਾ ਹੈ |
ਪਿਛਲੀ ਖ਼ਬਰ ਵਾਰਡ ਨੰਬਰ 5 ਤੋਂ ਜੇਤੂ ਕੌਂਸਲਰ ਬੀਬੀ ਰਵਿੰਦਰਪਾਲ ਕੌਰ ਮਾਲਵਾ ਨੇ ਸ਼ੁਕਰਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਸ਼ੂਜ਼ ਮਰਚੈਂਟ ਐਸੋਸੀਏਸ਼ਨ ਵਲੋਂ 26 ਤੋਂ 28 ਜੂਨ ਤੱਕ ਦੁਕਾਨਾਂ ਬੰਦ ਰੱਖਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।