ਮੁੱਲਾਂਪੁਰ-ਦਾਖਾ, 27 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਪਮਾਲੀ (ਜ਼ਿਲ੍ਹਾ ਲੁਧਿਆਣਾ) ਤੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਸਜਾਏ ਜਾਣ ਵਾਲੇ ਇਤਿਹਾਸਕ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਮਾਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਅਰਦਾਸ ਸਮਾਗਮ ਸ਼ਰਧਾਪੂਰਵਕ ਕਰਵਾਇਆ ਗਿਆ। ਸੰਗਤ ਨੂੰ ਸੰਬੋਧਨ ਕਰਨ ਸਮੇਂ ਸੰਤ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਦੱਸਿਆ ਕਿ ਸਮਾਜਿਕ ਵੰਡੀਆਂ ਨੂੰ ਦੂਰ ਕਰਨ ਵਾਲੇ ਸਮਾਜਿਕ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਨੂੰ ਉੱਚੀ ਜੀਵਨ ਜਾਚ ਦਾ ਉਪਦੇਸ਼ ਛੱਡ ਗਏ ਸ੍ਰੀ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਰੂਪ ’ਚ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਜਾਣ ਵਾਲੇ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਪੂਰਾ ਯਤਨ ਹੋਵੇਗਾ। ਪਿੰਡ ਪਮਾਲੀ ਤੋਂ ਸ਼ੁਰੂ ਹੋਣ ਵਾਲੇ ਦੋ ਰੋਜ਼ਾ ਨਗਰ ਕੀਰਤਨ ਦੀ ਰੂਪ ਰੇਖਾ ਵੀ ਸੰਗਤ ਨਾਲ ਸਾਂਝੀ ਕੀਤੀ ਗਈ। ਪ੍ਰਧਾਨ ਬਲਦੇਵ ਸਿੰਘ, ਹੈੱਡ ਗ੍ਰੰਥੀ ਭਾਈ ਬਲਵੀਰ ਸਿੰਘ, ਸੰਤ ਬਾਬਾ ਮਨਦੀਪ ਸਿੰਘ ਜੀ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਸੂਬੇਦਾਰ ਗੁਰਮੀਤ ਸਿੰਘ, ਪ੍ਰੇਮ ਸਿੰਘ ਪਮਾਲੀ, ਏ.ਡੀ.ਓ. ਅਵਤਾਰ ਸਿੰਘ, ਜਸਬੀਰ ਸਿੰਘ ਪਮਾਲੀ, ਗੁਰਦੀਪ ਸਿੰਘ, ਕੁਲਦੀਪ ਸਿੰਘ ਬੱਦੋਵਾਲ, ਹਰਬੰਸ ਸਿੰਘ ਭਨੋਹੜ, ਰਾਜਿੰਦਰ ਸਿੰਘ ਜੋਧਾਂ, ਸੇਵਾ ਸਿੰਘ ਡਾਂਗੋਂ, ਬੇਅੰਤ ਸਿੰਘ ਪੰਚ ਪਮਾਲ, ਹੋਰਨਾਂ ਵਲੋਂ ਸੰਤ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਇਸ ਧਾਰਮਿਕ ਸਮਾਗਮ ਅਤੇ ਵਿਸ਼ਾਲ ਨਗਰ ਕੀਰਤਨ ਲਈ ਹੁਣ ਤੋਂ ਹੀ ਤਿਆਰੀਆਂ ਆਰੰੰਭ ਲਈਆਂ ਜਾਣਗੀਆਂ।