ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ 34ਵੀਂ ਬਰਸੀ ਨੇ ਲੋਕਾਂ ਅੰਦਰ ਸੰਘਰਸ਼ ਦੀ ਜਾਗ੍ਰਿਤੀ ਕੀਤੀ ਪੈਦਾ
ਬੁਲਾਰਿਆਂ ਨੇ ਮਰਜੀਵੜਿਆਂ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ
ਰਾਏਕੋਟ, 13 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਅੱਚਰਵਾਲ ਵਿਖੇ ਨਾਮਧਾਰੀ ਲਹਿਰ ਦੇ ਸ਼ਹੀਦ ਬਾਬਾ ਰਾਮ ਸਿੰਘ, ਸ਼ਹੀਦ ਬਾਬਾ ਮਹਿਤਾਬ ਸਿੰਘ, ਗਦਰ ਲਹਿਰ ਦੇ ਸ਼ਹੀਦ ਪੰਡਿਤ ਗੋਧੀ ਰਾਮ, ਸ਼ਹੀਦ ਕੇਹਰ ਸਿੰਘ, ਸ਼ਹੀਦ ਦਾਨ ਸਿੰਘ, ਸ਼ਹੀਦ ਮੱਲ੍ਹਾ ਸਿੰਘ, ਸ਼ਹੀਦ ਅਮਰ ਸਿੰਘ, ਸ਼ਹੀਦ ਹਜ਼ਾਰਾ ਸਿੰਘ, ਨਕਸਲਵਾੜੀ ਲਹਿਰ ਦੇ ਸ਼ਹੀਦ ਕਾਮਰੇਡ ਅਮਰ ਸਿੰਘ (ਸਾਬਕਾ ਸਰਪੰਚ) ਦੀ 34ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਕਾਨਫਰੰਸ ਪੂਰੇ ਜੋਸ਼ੋ-ਖ਼ਰੋਸ਼ ਨਾਲ ਮਨਾਈ ਗਈ। ਇਸ ਮੌਕੇ ਇਲਾਕੇ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਰਾਏਕੋਟ, 13 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਅੱਚਰਵਾਲ ਵਿਖੇ ਨਾਮਧਾਰੀ ਲਹਿਰ ਦੇ ਸ਼ਹੀਦ ਬਾਬਾ ਰਾਮ ਸਿੰਘ, ਸ਼ਹੀਦ ਬਾਬਾ ਮਹਿਤਾਬ ਸਿੰਘ, ਗਦਰ ਲਹਿਰ ਦੇ ਸ਼ਹੀਦ ਪੰਡਿਤ ਗੋਧੀ ਰਾਮ, ਸ਼ਹੀਦ ਕੇਹਰ ਸਿੰਘ, ਸ਼ਹੀਦ ਦਾਨ ਸਿੰਘ, ਸ਼ਹੀਦ ਮੱਲ੍ਹਾ ਸਿੰਘ, ਸ਼ਹੀਦ ਅਮਰ ਸਿੰਘ, ਸ਼ਹੀਦ ਹਜ਼ਾਰਾ ਸਿੰਘ, ਨਕਸਲਵਾੜੀ ਲਹਿਰ ਦੇ ਸ਼ਹੀਦ ਕਾਮਰੇਡ ਅਮਰ ਸਿੰਘ (ਸਾਬਕਾ ਸਰਪੰਚ) ਦੀ 34ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਸ਼ਹੀਦੀ ਕਾਨਫਰੰਸ ਪੂਰੇ ਜੋਸ਼ੋ-ਖ਼ਰੋਸ਼ ਨਾਲ ਮਨਾਈ ਗਈ। ਇਸ ਮੌਕੇ ਇਲਾਕੇ ਭਰ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼ਹੀਦੀ ਯਾਦਗਾਰ ਕਮੇਟੀ ਅੱਚਰਵਾਲ ਦੇ ਪ੍ਰਧਾਨ ਜਗਤਾਰ ਸਿੰਘ ਅੱਚਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਕਾਮਰੇਡ ਅਮਰ ਸਿੰਘ ਦੀ ਸ਼ਹੀਦੀ ਲਾਟ ਉੱਤੇ ਦੇਸ਼ਭਗਤ ਯਾਦਗਾਰ ਟਰੱਸਟ ਜਲੰਧਰ ਦੀ ਸੀਨੀਅਰ ਟਰੱਸਟੀ ਕਾਮਰੇਡ ਸੁਰਿੰਦਰ ਕੁਮਾਰੀ ਕੋਛੜ ਵਲੋਂ ਝੰਡਾ ਲਹਿਰਾਉਣ ਨਾਲ ਹੋਈ। ਉਪਰੰਤ ਵਿਸ਼ਾਲ ਸ਼ਹੀਦੀ ਕਾਨਫ਼ਰੰਸ ਨੂੰ ਦੇਸ਼ ਅਤੇ ਸੂਬੇ ਦੇ ਨਾਮਵਰ ਕਿਸਾਨ, ਮਜ਼ਦੂਰ ਅਤੇ ਇਨਕਲਾਬੀ ਆਗੂਆਂ ਨੇ ਸੰਬੋਧਨ ਕੀਤਾ, ਜਿੰਨ੍ਹਾਂ ਬੁਲਾਰਿਆਂ ਵਿਚ ਸੀ.ਪੀ.ਆਈ (ਐੱਮ.ਐੱਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਆਰ.ਐੱਮ.ਪੀ.ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਨਿਰਭੈ ਸਿੰਘ ਢੁੱਡੀਕੇ, ਦੇਸ਼ਭਗਤ ਯਾਦਗਾਰ ਟਰੱਸਟ ਜਲੰਧਰ ਤੋਂ ਕਾਮਰੇਡ ਅਮੋਲਕ ਸਿੰਘ, ਦਸ਼ਮੇਸ਼ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਦੇਵ ਸਿੰਘ ਲਲਤੋਂ, ਗ਼ਦਰੀ ਬਾਬੇ ਦੁੱਲਾ ਸਿੰਘ ਜਲਾਲਦੀਵਾਲ ਦੇ ਪੋਤੇ ਅਤੇ ਸੀ.ਪੀ.ਆਈ. ਆਗੂ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਕਾਮਰੇਡ ਸੰਤ ਸਚਿਦਾਨੰਦ, ਕਾਮਰੇਡ ਪ੍ਰਸ਼ੋਤਮ ਸ਼ਰਮਾ (ਕੇਂਦਰੀ ਕਮੇਟੀ ਸੀ.ਪੀ.ਆਈ (ਐੱਮ.ਐੱਲ) ਸ਼ਾਮਿਲ ਸਨ। ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਥਿਤ ਦੋਸ਼ ਲਗਾਇਆ ਕਿ ਕਰੋੜਾਂ ਲੋਕਾਂ ਨੂੰ ਜ਼ਬਰੀ ਉਜਾੜ ਕੇ ਦੇਸ਼ ਦੇ ਜਲ, ਜੰਗਲ ਅਤੇ ਜ਼ਮੀਨ ਵਰਗੇ ਕੁਦਰਤੀ ਸੋਮੇ ਅਡਾਨੀ-ਅੰਬਾਨੀ ਵਰਗੇ ਵੱਡੇ ਘਰਾਣਿਆਂ ਦੇ ਹਵਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਅਮਰੀਕੀ ਸਾਮਰਾਜ ਨਾਲ ਮੁਕਤ ਵਪਾਰ ਸਮਝੌਤੇ ਕਰਕੇ ਦੇਸ਼ ਦੀ ਖੇਤੀ, ਸਨਅਤ ਅਤੇ ਵਪਾਰ ਨੂੰ ਤਬਾਹ ਕੀਤਾ ਜਾ ਰਿਹਾ ਹੈ। ਪੰਜਾਬ ਦੇ ਦਰਿਆਈ ਪਾਣੀਆਂ, ਬਿਜਲੀ ਅਤੇ ਜ਼ਮੀਨ ਨੂੰ ਕੇਂਦਰ ਵਲੋਂ ਆਪਣੀ ਜਕੜ ਵਿਚ ਲੈਣ ਵਾਲੀਆਂ ਨੀਤੀਆਂ ਤੇ ਕਾਨੂੰਨੀ ਧਾਰਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।ਸੂਬੇ ਦੀ ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨੇ ਸਾਧਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁੱਕਰੀ ਹੈ ਅਤੇ ਲੋਕਾਂ ਨੂੰ ਸਵਾਲ ਕਰਨੋਂ ਰੋਕਣ ਦੇ ਨਾਲ-ਨਾਲ ਜਨਤਾ ਉੱਤੇ ਜ਼ਬਰ ਢਾਹ ਰ ਹੀ ਹੈ, ਜਿਸ ਦਾ ਡੱਟ ਕੇ ਮੁਕਾਬਲਾ ਕਰਨ ਲਈ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ। ਸਮਾਗਮ ਦੌਰਾਨ ਇਕਬਾਲ ਕੌਰ ਉਦਾਸੀ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਅੰਮ੍ਰਿਤ ਬੰਗੇ, ਰਾਮ ਸਿੰਘ ਨੂਰਪੁਰੀ ਅਤੇ ਜਗਸੀਰ ਜੀਦਾਂ ਨੇ ਆਪਣੇ ਜੋਸ਼ੀਲੇ ਇਨਕਲਾਬੀ ਗੀਤਾਂ ਅਤੇ ਕਵਿਤਾਵਾਂ ਨਾਲ ਰੰਗ ਬੰਨ੍ਹਿਆ। ਸਮਾਗਮ ਦਾ ਮੰਚ ਸੰਚਾਲਨ ਅਰਸ਼ਦੀਪ ਸਿੰਘ ਅੱਚਰਵਾਲ ਵਲੋਂ ਬਾਖ਼ੂਬੀ ਨਿਭਾਇਆ ਗਿਆ, ਜਦਕਿ ਅੰਤ ਵਿਚ ਸ਼ਹੀਦੀ ਯਾਦਗਾਰ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਤਾਰਾ ਨੇ ਸਮੂਹ ਪਹੁੰਚੇ ਆਗੂਆਂ ਅਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਹੀਦ ਕਾਮਰੇਡ ਅੱਚਰਵਾਲ ਦੀਆਂ ਧੀਆਂ ਰਾਣੀ ਕੌਰ ਤੇ ਹਰਬੰਸ ਕੌਰ, ਸਾਥੀ ਦੁੱਲਾ ਸਿੰਘ ਤੇ ਮਨਦੀਪ ਸਿੰਘ, ਪੋਤਾ ਕਮਲਪ੍ਰੀਤ ਸਿੰਘ, ਗੁਰਦੇਵ ਸਿੰਘ ਕਾਲਸਾਂ, ਕੁਲਵੰਤ ਸਿੰਘ, ਏਪਵਾ ਆਗੂ ਕਾਮਰੇਡ ਜਸਬੀਰ ਕੌਰ ਨੱਤ, ਬੂਟਾ ਸਿੰਘ ਚਕਰ, ਡਾ: ਗੁਰਚਰਨ ਸਿੰਘ ਬੜਿੰਗ ਸੂਬਾ ਜਥੇਬੰਦਕ ਸਕੱਤਰ ਪੰਜਾਬ ਕਿਸਾਨ ਯੂਨੀਅਨ, ਕਾਮਰੇਡ ਸਾਧੂ ਸਿੰਘ ਅੱਚਰਵਾਲ, ਪੰਜਾਬ ਰੋਡਵੇਜ਼ ਦੇ ਸਾਬਕਾ ਮੁਲਾਜ਼ਮ ਆਗੂ ਉਜਾਗਰ ਸਿੰਘ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।