02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

‘ ਊਠ ਦੋ ਬੁੱਲ੍ਹ ਵਾਂਗ ਲਮਕੀ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦੀ ਚੋਣ * ਕਾਂਗਰਸ ਕੋਲ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਚਾਰ ਮਹੀਨੇ ਬਾਅਦ ਵੀ ਨਹੀਂ ਚੁਣੀ ਜਾ ਸਕੀ ਹੈ ਕੌਂਸਲ ਦੀ ਪ੍ਰਧਾਨ *ਸਰਕਾਰ ਦੇ ਦਬਾਅ ਹੇਠ ਪ੍ਰਸ਼ਾਸਨ ਲਟਕਾ ਰਿਹਾ ਹੈ ਚੋਣ-ਕਾਮਿਲ ਅਮਰ ਸਿੰਘ

ਰਾਏਕੋਟ, 1 ਅਕਤੂਬਰ (ਸੁਸ਼ੀਲ)-ਰਾਏਕੋਟ ਨਗਰ ਕੌਂਸਲ ਦੀਆਂ ਚੋਣਾਂ ਮੁਕੰਮਲ ਹੋਇਆਂ ਨੂੰ ਕਰੀਬ ਚਾਰ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ, ਪ੍ਰੰਤੂ ਸ਼ਹਿਰ ਨੂੰ ਹਾਲੇ ਤੱਕ ਆਪਣਾ ਨਵਾਂ ਪ੍ਰਧਾਨ ਨਹੀਂ ਮਿਲ ਸਕਿਆ ਹੈ। ਕਾਂਗਰਸ ਕੋਲ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਪ੍ਰਧਾਨ ਦੀ ਕੁਰਸੀ ਹਾਲੇ ਤੱਕ ਖਾਲੀ ਪਈ ਹੈ, ਜਿਸ ਕਾਰਨ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਵੱਡੀ ਢਾਹ ਲੱਗ ਰਹੀ ਹੈ ਅਤੇ ਆਮ ਜਨਤਾ ਖੱਜਲ-ਖੁਆਰ ਹੋ ਰਹੀ ਹੈ।

ਕਾਂਗਰਸ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ 02-10-2026
ਰਾਏਕੋਟ, 1 ਅਕਤੂਬਰ (ਸੁਸ਼ੀਲ)-ਰਾਏਕੋਟ ਨਗਰ ਕੌਂਸਲ ਦੀਆਂ ਚੋਣਾਂ ਮੁਕੰਮਲ ਹੋਇਆਂ ਨੂੰ ਕਰੀਬ ਚਾਰ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ, ਪ੍ਰੰਤੂ ਸ਼ਹਿਰ ਨੂੰ ਹਾਲੇ ਤੱਕ ਆਪਣਾ ਨਵਾਂ ਪ੍ਰਧਾਨ ਨਹੀਂ ਮਿਲ ਸਕਿਆ ਹੈ। ਕਾਂਗਰਸ ਕੋਲ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਪ੍ਰਧਾਨ ਦੀ ਕੁਰਸੀ ਹਾਲੇ ਤੱਕ ਖਾਲੀ ਪਈ ਹੈ, ਜਿਸ ਕਾਰਨ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਵੱਡੀ ਢਾਹ ਲੱਗ ਰਹੀ ਹੈ ਅਤੇ ਆਮ ਜਨਤਾ ਖੱਜਲ-ਖੁਆਰ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਮਈ ਮਹੀਨੇ ’ਚ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਸੀ, ਜਦਕਿ ਸੱਤ੍ਹਾਧਾਰੀ ਆਮ ਆਦਮੀ ਪਾਰਟੀ ਨੂੰ ਮਹਿਜ਼ 4 ਸੀਟਾਂ ’ਤੇ ਹੀ ਸਬਰ ਕਰਨਾ ਪਿਆ ਸੀ। ਅੰਕੜਿਆਂ ਮੁਤਾਬਕ ਕਾਂਗਰਸ ਕੋਲ ਪ੍ਰਧਾਨ ਬਣਾਉਣ ਲਈ ਪੂਰਾ ਬਹੁਮਤ ਹੈ, ਪਰ ਪ੍ਰਸ਼ਾਸਨਿਕ ਦੇਰੀ ਅਤੇ ਸਿਆਸੀ ਖਿੱਚੋਤਾਣ ਕਾਰਨ ਇਹ ਚੋਣ ਹੁਣ ਤੱਕ ‘ਊਠ ਦਾ ਲਟਕਦਾ ਬੁੱਲ੍ਹ’ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਪ੍ਰਧਾਨ ਦੀ ਚੋਣ ਸਬੰਧੀ ਹੁਣ ਤੱਕ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇਰੀ ਵਿੱਚ ਜਿੱਥੇ ਪ੍ਰਸ਼ਾਸਨ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨਜ਼ਰ ਆ ਰਹੀ ਹੈ, ਉੱਥੇ ਹੀ ਸਪੱਸ਼ਟ ਬਹੁਮਤ ਵਾਲੀ ਕਾਂਗਰਸ ਪਾਰਟੀ ਦੀ ਚੁੱਪੀ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਕੌਂਸਲ ਦੇ ਗਠਨ ਵਿਚ ਹੋ ਰਹੀ ਇਸ ਲੇਟ ਲਤੀਫ਼ੀ ਦੇ ਸਬੰਧ ’ਚ ਲੋਕਾਂ ਦਾ ਮੰਨਣਾ ਹੈ ਕਿ ਕਾਂਗਰਸ ਅੰਦਰ ਪ੍ਰਧਾਨਗੀ ਦੇ ਅਹੁਦੇ ਲਈ ਲਗਭਗ ਤਿੰਨ-ਚਾਰ ਮਜ਼ਬੂਤ ਦਾਅਵੇਦਾਰ ਮੈਦਾਨ ਵਿਚ ਹਨ। ਪਾਰਟੀ ਨੂੰ ਡਰ ਹੈ ਕਿ ਜੇਕਰ ਕਿਸੇ ਇੱਕ ਨੂੰ ਪ੍ਰਧਾਨ ਥਾਪਿਆ ਗਿਆ ਤਾਂ ਬਾਕੀ ਦਾਅਵੇਦਾਰਾਂ ਵਿੱਚ ਬਗਾਵਤੀ ਸੁਰਾਂ ਵੀ ਉੱਠ ਸਕਦੀਆਂ ਹਨ, ਜਿਸਦਾ ਸਿੱਧਾ ਫਾਇਦਾ ਸੱਤਾਧਾਰੀ ਧਿਰ ਵੀ ਉਠਾ ਸਕਦੀ ਹੈ। ਇਸੇ ਸੰਭਾਵੀ ਨਾਰਾਜ਼ਗੀ ਤੋਂ ਬਚਣ ਲਈ ਕਾਂਗਰਸ ਲੀਡਰਸ਼ਿਪ ਵੀ ਜਾਣਬੁੱਝ ਕੇ ਪ੍ਰਸ਼ਾਸਨ ’ਤੇ ਚੋਣ ਕਰਵਾਉਣ ਲਈ ਕੋਈ ਖਾਸ ਦਬਾਅ ਨਹੀਂ ਬਣਾ ਰਹੀ। ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਵੀ ਜਾਣਬੁੱਝ ਕੇ ਆਗਾਮੀ ਵਿਧਾਨ ਸਭਾ ਚੋਣਾਂ ਤੱਕ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਹੀ ਰੱਖਣ ਦੀ ਰਣਨੀਤੀ ਅਪਣਾ ਰਹੀ ਹੈ। ਜਿਸ ਕਾਰਨ ਪ੍ਰਧਾਨ ਬਣਨ ਦੇ ਦਾਅਵੇਦਾਰਾਂ ਦੀ ਉਡੀਕ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ। ਇਸ ਸਿਆਸੀ ਅਤੇ ਪ੍ਰਸ਼ਾਸਨਿਕ ਖੇਡ ਦਾ ਸਭ ਤੋਂ ਵੱਧ ਖਮਿਆਜ਼ਾ ਰਾਏਕੋਟ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਚੋਣਾਂ ਜਿੱਤਣ ਦੇ ਚਾਰ ਮਹੀਨੇ ਬਾਅਦ ਵੀ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਹਾਲੇ ਤੱਕ ਸਹੁੰ ਨਹੀਂ ਚੁਕਾਈ ਗਈ ਹੈ। ਬਿਨਾਂ ਗਠਿਤ ਕੌਂਸਲ ਦੇ ਸ਼ਹਿਰ ਦੇ ਜ਼ਰੂਰੀ ਕੰਮ, ਸਾਫ਼-ਸਫ਼ਾਈ, ਸਟਰੀਟ ਲਾਈਟਾਂ ਦੀ ਮੁਰੰਮਤ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਆਸੀ ਹਿੱਤਾਂ ਨੂੰ ਲਾਂਭੇ ਰੱਖਦਿਆਂ ਜਲਦ ਤੋਂ ਜਲਦ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅਤੇ ਨਗਰ ਕੌਂਸਲ ਦਾ ਗਠਨ ਕਰਕੇ ਨਵੇਂ ਪ੍ਰਧਾਨ ਦੀ ਚੋਣ ਅਤੇ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇ, ਤਾਂ ਜੋ ਸ਼ਹਿਰ ਦੇ ਰੁਕੇ ਹੋਏ ਕੰਮਾਂ ਨੂੰ ਮੁੜ ਤੋਂ ਰਫ਼ਤਾਰ ਮਿਲ ਸਕੇ ਅਤੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਹੋ ਸਕੇ। ਕੀ ਕਹਿੰਦੇ ਨੇ ਕਾਂਗਰਸ ਦੇ ਹਲਕਾ ਇੰਚਾਰਜ.. ਪ੍ਰਧਾਨ ਦੀ ਲਟਕਦੀ ਆ ਰਹੀ ਚੋਣ ਸਬੰਧੀ ਜਦ ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅਤੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਕਈ ਵਾਰ ਇਹ ਚੋਣ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਸਬੰਧੀ ਕਹਿ ਚੁੱਕੇ ਹਨ, ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਦੇ ਦਬਾਅ ਹੇਠ ਇਹ ਚੋਣ ਕਰਵਾਉਣ ਨੂੰ ਲਗਾਤਾਰ ਲਟਕਾਂਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਪ੍ਰਧਾਨ ਦੀ ਚੋਣ ਨੂੰ ਇਸ ਕਰਕੇ ਲੇੇਟ ਕਰਵਾ ਰਹੀ ਹੈ ਤਾਂ ਜੋ ਉਹ ਗੈਰ ਸੰਵਿਧਾਨਿਕ ਅਤੇ ਗੈਰ ਲੋਕਤਾਂਤਰਿਕ ਤਰੀਕੇ ਨਾਲ ਪ੍ਰਧਾਨ ਦੀ ਸੀਟ ’ਤੇ ਕਬਜ਼ਾ ਕਰ ਸਕੇ, ਪ੍ਰੰਤੂ ਸੱਤ੍ਹਾਧਾਰੀ ਪਾਰਟੀ ਦਾ ਇਹ ਮਨਸੂਬਾ ਕਾਂਗਰਸ ਕਦੇ ਵੀ ਪੂਰਾ ਨਹੀਂ ਹੋਣ ਦੇਵੇਗੀ, ਕਿਉਂਕਿ ਕਾਂਗਰਸ ਦੇ ਚੁਣੇ ਗਏ ਸਾਰੇ 11 ਕੌਂਸਲਰ ਪੂਰੀ ਤਰ੍ਹਾਂ ਇੱਕਜੁੱਟ ਹਨ ਅਤੇ ਉਹ ਹੀ ਸਰਬਸੰਮਤੀ ਨਾਲ ਆਪਣਾ ਪ੍ਰਧਾਨ ਚੁਣਨਗੇ। ਚੋਣ ਦੀ ਚੋਣ ’ਚ ਹੋ ਰਹੀ ਦੇਰੀ ਦੇ ਸਬੰਧ ’ਚ ਜਦ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਅਤੇ ਐੱਸ.ਡੀ.ਐੱਮ ਰਾਏਕੋਟ ਖੁਸ਼ਪ੍ਰੀਤ ਸਿੰਘ ਦਾ ਪੱਖ ਜਾਨਣ ਲਈ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਇਸ ਸਬੰਧ ’ਚ ਵਟਸਐਪ ’ਤੇ ਭੇਜੇ ਗਏ ਸੁਨੇਹੇੇ ਦਾ ਕੋਈ ਜਵਾਬ ਦੇਣਾ ਮੁਨਾਸਿਬ ਸਮਝਿਆ ਗਿਆ।
ਪਿਛਲੀ ਖ਼ਬਰ ਲਾਇਨਜ਼ ਕਲੱਬ ਵਲੋਂ ਲਗਾਏ ਦਿਲ ਦੇ ਰੋਗਾਂ ਦੀ ਜਾਂਚ ਕੈਂਪ ’ਚ 55 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਕਮਾਲਪੁਰਾ/ਚੱਕ ਭਾਈਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।