ਨਵਾਂਸ਼ਹਿਰ, 14 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਾਸਿਕ ਮੀਟਿੰਗ ਚੇਅਰਮੈਨ ਡਾ. ਜੇ.ਡੀ ਵਰਮਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਪ੍ਰੋਫੈਸਰ ਐਸ.ਕੇ ਬਰੂਟਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਚ ਹੋਈ | ਪ੍ਰਧਾਨ ਪ੍ਰੋਫੈਸਰ ਬਰੂਟਾ ਨੇ ਕਿਹਾ ਕਿ ਲੋਕਤੰਤਰ ਵਿਚ ਵੋਟ ਬੈਂਕ ਸਭ ਤੋਂ ਵੱਧ ਮਾਅਇਨੇ ਰੱਖਦਾ ਹੈ | ਇਸ ਲਈ ਵੱਧ ਤੋਂ ਵੱਧ ਬਜ਼ੁਰਗਾਂ ਨੂੰ ਐਸੋਸੀਏਸ਼ਨ ਦੇ ਨਾਲ ਜੁੜਨਾ ਚਾਹੀਦਾ ਹੈ | ਮੀਟਿੰਗ ਵਿਚ ਜਿਨ੍ਹਾਂ ਮੈਂਬਰਾਂ ਦੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਫਰਵਰੀ ਮਹੀਨੇ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵਲੋਂ ਫੁੱਲ ਭੇਟ ਕਰ ਕੇ ਮੁਬਾਰਕਬਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਪਾਬਲਾ ਡੈਂਟਲ ਕਲੀਨਿਕ ਨਵਾਂਸ਼ਹਿਰ ਦੇ ਡਾ. ਗੁਰਸਿਮਰਨ ਸਿੰਘ ਪਾਬਲਾ ਅਤੇ ਡਾ. ਅਰਸ਼ਦੀਪ ਕੌਰ ਪਾਬਲਾ ਵਲੋਂ ਦੰਦਾਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਲਡਰ ਲਾਈਨ ਪੰਜਾਬ ਤੋਂ ਫ਼ੀਲਡ ਰਿਸਪੌਂਸ ਲੀਡਰ ਪੂਜਾ ਦੇਵੀ ਨੇ ਕਿਹਾ ਕਿ ਬਜ਼ੁਰਗਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਸਰਕਾਰ ਵਲੋਂ ਜਾਰੀ ਕੀਤੇ ਟੋਲ ਫ਼ਰੀ ਨੰਬਰ 14567 'ਤੇ ਬਜ਼ੁਰਗ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਆਪਣੀ ਸਮੱਸਿਆ ਬਾਰੇ ਦੱਸ ਸਕਦੇ ਹਨ, ਜਿੱਥੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਕਰਮਚਾਰੀ ਹਰ ਸਮੇਂ ਹਾਜ਼ਰ ਰਹਿੰਦੇ ਹਨ | ਉਨ੍ਹਾਂ ਨੇ ਇਸ ਨੰਬਰ ਸਬੰਧੀ ਪਿੰਡਾਂ ਵਿੱਚ ਵੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ | ਪ੍ਰਧਾਨਗੀ ਮੰਡਲ ਵਲੋਂ ਡਾ. ਗੁਰਸਿਮਰਨ ਸਿੰਘ, ਡਾ. ਅਰਸ਼ਦੀਪ ਕੌਰ ਅਤੇ ਫ਼ੀਲਡ ਰਿਸਪੌਂਸ ਲੀਡਰ ਪੂਜਾ ਦੇਵੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਐਸੋਸੀਏਸ਼ਨ ਵਿਚ ਨਵੇਂ ਬਣੇ ਮੈਂਬਰ ਦਿਲਬਾਗ ਸਿੰਘ ਪਾਬਲਾ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ |