ਟੱਪਰੀਆਂ ਖੁਰਦ, 14 ਫਰਵਰੀ (ਬਲਵਿੰਦਰ ਨਾਨੋਵਾਲੀਆ) - ਪਿੰਡਾਂ ਦੀਆਂ ਲਿੰਕਾਂ ਸੜਕਾਂ ਅਤੇ ਮੁੱਖ ਮਾਰਗਾਂ 'ਤੇ ਆਉਣ ਜਾਣ ਵਾਲੇ ਓਵਰ ਲੋਡ ਵਾਹਨ ਅਤੇ ਵਾਹਨਾਂ 'ਤੇ ਲੱਗੇ ਖਾਸ ਕਰਕੇ ਟਰਾਲੀਆਂ 'ਤੇ ਲੱਗੇ ਲਾਊਡ ਸਪੀਕਰਾਂ ਦੀਆਂ ਅਵਾਜ਼ਾਂ ਨਿੱਤ ਦਿਨ ਹਦਾਸਿਆਂ ਨੂੰ ਸੱਦਾ ਦੇ ਰਹੀਆਂ ਹਨ | ਸਮਾਜ ਸੇਵੀ ਦਲਜੀਤ ਸਿੰਘ ਬੈਂਸ ਕਾਰ ਸੇਵਾ ਵਾਲੇ ਬਾਬਿਆਂ ਨਾਲ ਹਮੇਸ਼ਾ ਕਾਰ ਸੇਵਾ ਵਿਚ ਜੁਟੇ ਰਹਿੰਦੇ ਹਨ, ਨੇ ਦੱਸਿਆ ਕਿ ਓਵਰ ਲੋਡ ਵਾਹਨ ਜਦੋਂ ਇਕ ਵਾਰ ਸੜਕ 'ਤੇ ਜਾਂਦੇ ਹਨ ਤਾਂ ਵਾਹਨ ਚਾਲਕਾਂ ਵਲੋਂ ਜ਼ਿਆਦਾਤਰ ਉਨ੍ਹਾਂ ਵਾਹਨਾਂ ਨੂੰ ਨਾ ਤਾਂ ਕਿਸੇ ਤਰਪਾਲ ਨਾਲ ਹੀ ਢੱਕਿਆ ਹੁੰਦਾ ਅਤੇ ਇਨ੍ਹਾਂ ਵਾਹਨਾਂ 'ਤੇ ਲਗਾਏ ਲਾਊਡ ਸਪੀਕਰਾਂ ਦੀਆਂ ਅਵਾਜ਼ਾਂ ਇੰਨੀਆਂ ਉੱਚੀਆਂ ਹੁੰਦੀਆਂ ਹਨ ਕਿ ਰਾਹਗੀਰਾਂ ਖਾਸ ਕਰਕੇ ਦੋ ਪਹੀਆਂ ਵਾਹਨ ਚਾਲਕਾਂ ਨੂੰ ਭਾਰੀ ਸਮੱਸਿਆਵਾਂ ਵਿੱਚੋਂ ਗੁਜਰਨਾ ਪੈਂਦਾ ਹੈ | ਦੋ ਪਹੀਆ ਵਾਹਨ ਚਾਲਕ ਜਦੋਂ ਇਨ੍ਹਾਂ ਓਵਰ ਲੋਡ ਵਾਹਨ ਤੋਂ ਅੱਗੇ ਵਧਣ ਲਈ ਵਾਰ-ਵਾਰ ਸਾਈਡ ਦੀ ਮੰਗ ਕਰਦਾ ਹੈ, ਤਾਂ ਉਹ ਵਾਹਨ ਚਾਲਕ ਵਾਹਨ 'ਤੇ ਲੱਗੇ ਸਪੀਕਰਾਂ ਦੀ ਉੱਚੀ ਅਵਾਜ਼ ਕਾਰਨ ਦੋ ਪਹੀਆ ਵਾਹਨ ਦੀ ਕੋਈ ਪ੍ਰਵਾਹ ਨਹੀ ਕਰਦਾ, ਜਿਸ ਦੇ ਸਿੱਟੇ ਵਜੋਂ ਕਈ ਵਾਰ ਭਿਆਨਕ ਹਾਦਸਾ ਵੀ ਵਾਪਰ ਜਾਂਦਾ ਹੈ | ਕਈ-ਕਈ ਕਿਲੋਮੀਟਰ ਦੋ ਪਹੀਆ ਵਾਹਨ ਚਾਲਕ ਨੂੰ ਮਿੱਟੀ ਘਟੇ ਵਿੱਚ ਹੀ ਵਾਹਨ ਚਾਲਕ ਦੇ ਪਿੱਛੇ-ਪਿੱਛੇ ਚਲਣਾ ਪੈਂਦਾ ਹੈ | ਓਵਰ ਲੋਡ ਵਾਹਨ ਚਾਲਕਾਂ ਦੀ ਲਾਪ੍ਰਵਾਹੀ ਕਾਰਨ ਨਿੱਤ ਦਿਨ ਕੋਈ ਨ ਕੋਈ ਘਟਨਾ ਵਾਪਰ ਜਾਂਦੀ ਹੈ | ਇਸੇ ਤਰ੍ਹਾਂ ਦੀ ਘਟਨਾ ਬੀਤੇ ਸਮੇਂ ਪਿੰਡ ਟੋਰੋਵਾਲ ਦੇ ਵਸਨੀਕ ਮੱਖਣ ਸਿੰਘ ਪੰਚਾਇਤ ਸਕੱਤਰ ਜੋ ਕਿ ਗੜ੍ਹਸ਼ੰਕਰ ਵਿਖੇ ਬੀ.ਡੀ.ਓ.ਦਫਤਰ ਡਿਊਟੀ ਕਰਕੇ ਆ ਰਿਹਾ ਸੀ, ਵੀ ਘਟਨਾ ਦਾ ਸ਼ਿਕਰ ਹੋ ਗਿਆ ਸੀ, ਜਿਸ ਦੇ ਪਰਿਵਾਰ ਨੂੰ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਇਸੇ ਤਰ੍ਹਾਂ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਜਾਣ ਵਾਲੀਆਂ ਰੇਤ, ਮਿੱਟੀ ਦੀਆਂ ਭਰੀਆ ਟਰਾਲੀਆਂ, ਤੂੜੀ ਵਾਲੀਆਂ ਟਰਾਲੀਆਂ, ਭੱਠੇ ਦੀਆਂ ਇੱਟਾਂ ਢੋਣ ਵਾਲੀਆਂ ਟਰਾਲੀਆਂ ਨੂੰ ਵੀ ਜਿਆਦਾਤਰ ਬਿਨਾਂ ਕਿਸੇ ਤਰਪਾਲ ਨਾਲ ਢੱਕਿਆਂ ਤੇਜੀ ਨਾਲ ਘੁਮਾਇਆ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਖਾਸ ਕਰਕੇ ਆਵਾਜਾਈ ਵਿਚ ਵੱਡਾ ਵਿਘਨ ਪੈਂਦਾ ਹੈ | ਇਲਾਕੇ ਦੇ ਸਮਾਜ ਸੇਵੀਆਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਅਜਿਹੇ ਵਾਹਨਾਂ, ਜੋ ਸੜਕ 'ਤੇ ਓਵਰਲੋਡ ਘੁੰਮ ਰਹੇ ਵਾਹਨਾਂ ਜਾਂ ਫਿਰ ਉੱਚੀ ਅਵਾਜ਼ ਵਿਚ ਸਪੀਕਰ ਲਗਾ ਕੇ ਘੁੰਮ ਰਹੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ |