ਬੰਗਾ, 28 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਦਰਸ਼ ਸਕੂਲ ਜੰਡਿਆਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕਾਂ ਨੇ ਐਸ. ਸੀ ਕਮਿਸ਼ਨ ਦੇ ਵਾਈਸ ਚੇਅਰਪਰਸਨ ਮੈਡਮ ਹਰਜੋਤ ਕੌਰ ਲੋਹਟੀਆ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਅਧਿਆਪਕਾਂ ਨੇ ਇਹ ਦੱਸਿਆ ਕਿ ਆਦਰਸ਼ ਸਕੂਲ ਅਕਾਲੀ ਸਰਕਾਰ ਵੱਲੋਂ 2012 ਵਿੱਚ ਖੋਲ੍ਹੇ ਗਏ ਸਨ | ਪਿਛਲੇ ਲੰਬੇ ਸਮੇਂ ਤੋਂ ਇਹਨਾਂ ਸਕੂਲਾਂ ਵਿੱਚ ਕੰਮ ਕਰ ਰਹੇ ਮੁਲਾਜ਼ਮ ਨਿਗੂਣੀਆਂ ਤਨਖਾਹਾਂ ਦਾ ਸੰਤਾਪ ਹੰਢਾ ਰਹੇ ਹਨ | ਮਹਿੰਗਾਈ ਦੇ ਇਸ ਯੁੱਗ 'ਚ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਨਾਲ ਆਪਣੇ ਪਰਿਵਾਰਾਂ ਨੂੰ ਪਾਲਣਾ ਪੈ ਰਿਹਾ ਹੈ | ਮੈਡਮ ਲੋਹਟੀਆ ਨੇ ਮੁਲਾਜ਼ਮਾਂ ਨੂੰ ਭਰੋਸਾ ਦਵਾਇਆ ਕਿ ਉਹ ਆਦਰਸ਼ ਸਕੂਲਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨਾਲ ਆਪ ਖੁਦ ਗੱਲ ਕਰਨਗੇ ਅਤੇ ਜਿੰਨੀ ਜਲਦੀ ਹੋ ਸਕੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਨਾਲ ਹੋ ਰਹੇ ਸ਼ੋਸ਼ਣ ਨੂੰ ਦੂਰ ਕਰਵਾਉਣਗੇ | ਇਸ ਮੌਕੇ ਚੰਦਰ ਸ਼ੇਖਰ, ਮਨਮੋਹਨ ਸਿੰਘ, ਸ਼ੁਭ ਕਰਨ, ਦੀਪਕ ਕੁਮਾਰ ਆਦਿ ਸਾਥੀ ਸ਼ਾਮਿਲ ਸਨ |