ਨਵਾਂਸ਼ਹਿਰ, 30 ਮਾਰਚ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਹੰਸ ਰਾਜ ਨੂੰ ਚੇਅਰਮੈਨ ਅਤੇ ਵਰਿੰਦਰ ਕੌਰ ਨੂੰ ਵਾਇਸ ਚੇਅਰਮੈਨ ਚੁਣਿਆ | ਐੱਸ.ਡੀ.ਅੱੈਮ. ਅਨਮਜੋਤ ਕੌਰ ਵੱਲੋਂ ਸਭ ਤੋਂ ਪਹਿਲਾਂ ਸਾਰੇ ਹਾਜ਼ਰ ਮੈਂਬਰਾਂ ਦੀ ਹਾਜ਼ਰੀ ਲਗਾਈ ਗਈ | ਇਸ ਉਪਰੰਤ ਪ੍ਰਸ਼ਾਸਨ ਵਲੋਂ ਚੋਣ ਨੂੰ ਸਰਬਸੰਮਤੀ ਨਾਲ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਗਈ | ਜਦੋਂ ਐੱਸ.ਡੀ.ਐੱਮ. ਵਲੋਂ ਮੈਂਬਰਾਂ ਨੂੰ ਹੱਥ ਖੜ੍ਹੇ ਕਰਕੇ ਸਹਿਮਤੀ ਦੇਣ ਲਈ ਕਿਹਾ ਗਿਆ ਤਾਂ ਕਾਂਗਰਸ ਦੇ ਸਾਰੇ 15 ਮੈਂਬਰਾਂ ਨੇ ਇੱਕਜੁੱਟ ਹੋ ਕੇ ਹੱਥ ਖੜ੍ਹੇ ਕੀਤੇ, ਪਰ ਦੂਸਰੇ ਪਾਸਿਓਾ ਵਿਰੋਧੀ ਧਿਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ਸਰਬਸੰਮਤੀ ਨਹੀਂ ਹੋ ਸਕੀ | ਸਰਬਸੰਮਤੀ ਨਾ ਹੋਣ ਦੀ ਸੂਰਤ ਵਿਚ ਐੱਸ.ਡੀ.ਐੱਮ. ਵਲੋਂ ਵੋਟਾਂ ਰਾਹੀਂ ਚੋਣ ਕਰਵਾਉਣ ਦਾ ਫ਼ੈਸਲਾ ਲਿਆ ਗਿਆ | ਇਹ ਚੋਣ ਪ੍ਰਕਿਰਿਆ ਬੈਲਟ ਪੇਪਰਾਂ ਰਾਹੀਂ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਕੀਤੀ ਗਈ | ਵੋਟਾਂ ਦੌਰਾਨ ਹੰਸ ਰਾਜ ਚੇਅਰਮੈਨ ਚੁਣੇ ਗਏ | ਸਾਬਕਾ ਵਿਧਾਇਕ ਅੰਗਦ ਸਿੰਘ ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਡਾ. ਬੀ.ਆਰ ਅੰਬੇਡਕਰ ਦੀ ਪ੍ਰਤਿਮਾ 'ਤੇ ਫੁੱਲ ਮਾਲਾਵਾਂ ਚੜ੍ਹਾਈਆਂ | ਅੰਗਦ ਸਿੰਘ ਨੇ ਕਿਹਾ ਕਿ ਅੱਜ ਲੋਕਤੰਤਰ ਦੀ ਜਿੱਤ ਹੋਈ ਹੈ ਅਤੇ ਇਹ ਉਨ੍ਹਾਂ ਦੇ 15 ਅਡੋਲ ਮੈਂਬਰਾਂ ਦੀ ਮਿਹਨਤ ਦਾ ਨਤੀਜਾ ਹੈ, ਜੋ ਚਾਰ ਵਾਰ ਚੋਣ ਰੱਦ ਹੋਣ ਦੇ ਬਾਵਜੂਦ ਵੀ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਰਹੇ |
ਨਵਾਂਸ਼ਹਿਰ ਬਲਾਕ ਸੰਮਤੀ 'ਤੇ ਕਾਂਗਰਸ ਦਾ ਕਬਜ਼ਾ
ਅਜੀਤ ਡੈਸਕ
31-03-2026