28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਲੰਬੇ ਇੰਤਜ਼ਾਰ ਅਤੇ ਮੰਗ ਤੋਂ ਬਾਅਦ ਰਾਹੋਂ ਰੇਲ ਸੇਵਾ ਹੋਈ ਮੁੜ ਬਹਾਲ

ਅਜੀਤ ਡੈਸਕ 19-04-2026
ਰਾਹੋਂ, 18 ਅਪ੍ਰੈਲ (ਉਂਕਾਰ ਸਿੰਘ ਰਾਠੋਰ) - ਕਈ ਸਾਲਾਂ ਦੇ ਲੰਬੇ ਇੰਤਜ਼ਾਰ ਅਤੇ ਮੰਗ ਤੋਂ ਬਾਅਦ ਫਗਵਾੜਾ-ਨਵਾਂਸ਼ਹਿਰ-ਰਾਹੋਂ-ਜੇਜੋਂ ਦੋਆਬਾ ਰੇਲ ਸੈਕਸ਼ਨ 'ਤੇ ਰੇਲ ਸੇਵਾਵਾਂ ਦੀ ਮੁੜ ਬਹਾਲੀ 18 ਅਪ੍ਰੈਲ, 2026 ਤੋਂ ਕੀਤੀ ਗਈ ਹੈ | ਇਹ ਰਾਹੋਂ ਅਤੇ ਆਸ-ਪਾਸ ਦੇ ਇਲਾਕਾ ਵਾਸੀਆਂ ਲਈ ਇੱਕ ਵੱਡੀ ਰਾਹਤ ਹੈ | ਅੱਜ ਰੇਲਵੇ ਸਟੇਸ਼ਨ ਰਾਹੋਂ 'ਤੇ ਰੇਲ ਆਉਣ ਦੀ ਖੁਸ਼ੀ 'ਚ ਸ਼ਹਿਰ ਵਾਸੀਆਂ ਵਲੋਂ ਰੇਲਵੇ ਸਟੇਸ਼ਨ 'ਤੇ ਲੱਡੂ ਵੰਡੇ ਗਏ ਅਤੇ ਰੇਲ ਦੇ ਆਉਣ 'ਤੇ ਭਰਵਾਂ ਸੁਆਗਤ ਕੀਤਾ ਗਿਆ | ਦੱਸਣਯੋਗ ਹੈ ਕਿ ਇਹ ਰਾਹੋਂ ਦਾ ਰੇਲਵੇ ਸਟੇਸ਼ਨ ਪਿਛਲੇ ਲੰਬੇ ਸਮੇਂ ਤੋਂ ਸੁੰਨਸਾਨ ਪਿਆ ਸੀ ਅਤੇ ਸਥਾਨਕ ਨਿਵਾਸੀਆਂ ਵੱਲੋਂ ਲਗਾਤਾਰ ਇਸ ਨੂੰ ਚਾਲੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ | ਪਿਛਲੇ ਕਰੀਬ 7 ਸਾਲਾਂ ਤੋਂ ਰੇਲ ਨਾ ਆਉਣ ਕਾਰਨ ਰੋਜ਼ਾਨਾ ਆਉਣ ਜਾਣ ਵਾਲੇ ਲੋਕਾਂ ਨੂੰ ਮਹਿੰਗਾ ਸਫ਼ਰ ਅਤੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਮੌਕੇ ਰੇਲਵੇ ਸਟੇਸ਼ਨ ਰਾਹੋਂ 'ਤੇ ਮੌਜ਼ੂਦ ਵਾਤਾਵਰਣ ਸੇਵਾ ਸੋਸਾਇਟੀ ਰਾਹੋਂ ਦੇ ਮੈਂਬਰਾਂ ਅਤੇ ਲੋਕਾਂ ਵਲੋਂ ਜਿੱਥੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਦਾ ਸੁਆਗਤ ਅਤੇ ਧੰਨਵਾਦ ਕੀਤਾ ਉਥੇ ਹੀ ਮੰਗ ਵੀ ਕੀਤੀ ਗਈ ਕਿ ਇਸ ਸਟੇਸ਼ਨ ਦਾ ਨਵੀਨੀਕਰਨ ਚੰਗੇ ਤਰੀਕੇ ਨਾਲ ਕਰਕੇ ਇਸਦੀ ਸਾਫ਼ ਸਫਾਈ ਵੱਲ੍ਹ ਵੀ ਧਿਆਨ ਦਿੱਤਾ ਜਾਵੇ | ਰਾਹੋਂ ਸਟੇਸ਼ਨ 'ਤੇ ਪੀਣ ਵਾਲੇ ਪਾਣੀ, ਪਲੇਟਫਾਰਮ ਸ਼ੈਲਟਰ, ਬੈਂਚਾਂ ਅਤੇ ਪਖਾਨਿਆਂ ਦੀ ਸੁਵਿਧਾ ਨੂੰ ਯਕੀਨੀ ਬਣਾਇਆ ਜਾਵੇ | ਸਟੇਸ਼ਨ ਦੇ ਬਾਹਰ ਵਾਹਨ ਪਾਰਕਿੰਗ ਅਤੇ ਬਿਹਤਰ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇ | ਇਸ ਮੌਕੇ ਸਮਾਜ ਸੇਵਕ ਅਸ਼ਵਨੀ ਜੋਸ਼ੀ ਨੇ ਰੇਲਵੇ ਵਿਭਾਗ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਇਸ ਰੇਲਵੇ ਲਾਈਨ ਨੂੰ ਜਲਦ ਤੋਂ ਜਲਦ ਸਮਰਾਲਾ- ਖੰਨਾ ਰੇਲਵੇ ਸਟੇਸ਼ਨ ਨਾਲ ਜੋੜਿਆ ਜਾਵੇ ਤਾਂ ਜੋ ਨੌਕਰੀ ਪੇਸ਼ਾ ਅਤੇ ਵਪਾਰੀਆਂ ਨੂੰ ਸਹੂਲਤ ਮਿਲ ਸਕੇ | ਇਸ ਮੌਕੇ ਜੀਤ ਰਾਮ ਹਿਆਲਾ, ਰਾਮ ਸਾਹਿਲ, ਗਾਇਕ ਅਮਿਤ ਅਨਵਰ, ਕਿ੍ਸ਼ਨ ਚੱਡਾ ਪ੍ਰਧਾਨ ਬੀ.ਜੇ.ਪੀ, ਰਾਜਾ ਕੈਂਥ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਅਸ਼ਵਨੀ ਜੋਸ਼ੀ ਅੰਕੁਸ਼ ਪੋਪਲੀ, ਪੱਤਰਕਾਰ ਜਤਿੰਦਰ ਕੁਮਾਰ ਮਹਿੰਮੀ, ਏਵਨ ਸਿੰਘ ਜਨਾਗਲ, ਬੱਲੀ ਕਾਹਲੋ, ਤੋਂ ਇਲਾਵਾ ਰੇਲਵੇ ਅਧਿਕਾਰੀ ਅਤੇ ਹੋਰ ਲੋਕ ਹਾਜ਼ਰਿ ਸਨ |
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਵਿਦਿਆਰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਨਵਾਂਸ਼ਹਿਰ ਦਾ ਦਮਨਜੋਤ ਸਿੰਘ ਲੜਕਿਆਂ ਵਿਚੋਂ ਬਣਿਆ ਜ਼ਿਲ੍ਹਾ ਟੌਪਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।