ਕਾਠਗੜ੍ਹ, 15 ਮਈ (ਹਰਸਿਮਰਨਜੋਤ ਸਿੰਘ ਕਲੇਰ)-ਮਹਾਨ ਨਵ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ, ਸੀ. ਜੀ. ਸੀ. ਯੂਨੀਵਰਸਿਟੀ ਮੋਹਾਲੀ ਲਾਂਡਰਾਂ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਬਚਾਉਣ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਸੈਮੀਨਾਰ ਦਾ ਕਰਵਾਇਆ | ਪ੍ਰੋਗਰਾਮ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਗੁੱਜਰ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਬਿ੍ਗੇਡੀਅਰ (ਰਿਟਾ.) ਰਾਜ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਬਿ੍ਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਇਕ ਸਿਹਤਮੰਦ ਮਨ ਹੀ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰਦਾ ਹੈ | ਉਨ੍ਹਾਂ ਇਕ ਸਾਬਕਾ ਫ਼ੌਜੀ ਦੇ ਜਜ਼ਬੇ ਨਾਲ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡ ਮੈਦਾਨਾਂ ਨਾਲ ਜੁੜਨ | ਉਨ੍ਹਾਂ ਕਿਹਾ ਨਸ਼ਾ ਮੁਕਤ ਪੰਜਾਬ ਸਿਰਫ਼ ਇਕ ਨਾਅਰਾ ਨਹੀਂ, ਸਗੋਂ ਸਾਡਾ ਸਾਰਿਆਂ ਦਾ ਸਾਂਝਾ ਮਿਸ਼ਨ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ | ਯੂਨੀਵਰਸਿਟੀ ਦੇ ਚਾਂਸਲਰ ਵਲੋਂ ਬਿ੍ਗੇਡੀਅਰ ਰਾਜ ਕੁਮਾਰ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਯੂਨੀਵਰਸਿਟੀ ਦਾ ਸਟਾਫ, ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ |