ਬੰਗਾ, 18 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜਿਕ ਸਾਂਝ ਸੰਸਥਾ ਬੰਗਾ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ ਦੀਆਂ ਸਾਲਾਨਾ ਪ੍ਰੀਖਿਆਵਾਂ 'ਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੇ ਸਨਮਾਨ ਹਿੱਤ ਇਕ ਸਨਮਾਨ ਸਮਾਗਮ ਕਰਾਇਆ | ਇਨ੍ਹਾਂ ਵਿਦਿਆਰਥਣਾਂ 'ਚ ਕੈਬਰਿਜ਼ ਇੰਟਰਨੈਸ਼ਨਲ ਸਕੂਲ ਕਰੀਹਾ ਦੀ ਵਿਦਿਆਰਥਣ ਖੁਸ਼ਦੀਪ ਕੌਰ ਜਮਾਤ ਬਾਰ੍ਹਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਔੜ ਦੀ ਵਿਦਿਆਰਥਣ ਮਨਪ੍ਰੀਤ ਕੌਰ ਜਮਾਤ ਦਸਵੀਂ ਤੇ ਸਵਾਮੀ ਰੂਪ ਚੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀ ਵਿਦਿਆਰਥਣ ਚਾਦਿਕਾ ਜਮਾਤ ਅੱਠਵੀਂ ਸ਼ਾਮਿਲ ਸਨ | ਸਨਮਾਨ ਦੀ ਰਸਮ ਵਿਸ਼ੇਸ਼ ਤੌਰ 'ਤੇ ਪੁੱਜੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਦੇ ਕਾਰਜਕਾਰੀ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਤੇ ਉਕਤ ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਉਨ੍ਹਾਂ ਕਿਹਾ ਕਿ ਜਦੋਂ ਲਗਨ ਨਾਲ ਕੀਤੀਆਂ ਮਿਹਨਤਾਂ ਨੂੰ ਬੂਰ ਪੈਂਦਾ ਹੈ ਤਾਂ ਨਤੀਜੇ ਵੀ ਮਨਆਉਂਦੇ ਨਸੀਬ ਹੁੰਦੇ ਹਨ | ਇਨ੍ਹਾਂ ਨਤੀਜਿਆਂ ਨੂੰ ਸਮਾਜ ਵਲੋਂ ਭਰਪੂਰ ਮਾਣ ਸਨਮਾਨ ਵੀ ਮਿਲਦਾ ਹੈ | ਉਨ੍ਹਾਂ ਇਨਾਮ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਵਧਾਈਆਂ ਦਿੱਤੀਆਂ | ਇਨਾਮ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਕਹਿਣ ਸੀ ਕਿ ਜੀਵਨ ਅੰਦਰ ਵਿੱਦਿਅਕ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਆਪੋ ਆਪਣੇ ਟੀਚੇ ਵੱਲ ਨਿਰੰਤਰ ਵਧ ਰਹੀਆਂ ਹਨ | ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ ਨੇ ਕਿਹਾ ਕਿ ਉਹ ਇਸ ਲੜੀ ਤਹਿਤ ਹਲਕੇ ਦੇ ਹੋਰ ਵਿੱਦਿਅਕ ਅਦਾਰਿਆਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉੱਚ ਪੱਧਰੀ ਵਿੱਦਿਅਕ ਪ੍ਰਾਪਤੀਆਂ ਲਈ ਸਨਮਾਨਿਤ ਕਰਨ ਦੀ ਇਹ ਸੇਵਾ ਜਾਰੀ ਰੱਖਣਗੇ |