ਬਲਾਚੌਰ, 18 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬੀ. ਡੀ. ਪੀ. ਓ. ਦਫ਼ਤਰ ਬਲਾਚੌਰ ਵਿਖੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਦੀ ਹਾਜ਼ਰੀ ਦੌਰਾਨ ਜ਼ੋਨ ਸੁੱਧਾ ਮਾਜਰਾ ਤੋਂ ਸ਼ਾਨਦਾਰ ਜਿੱਤ ਦਰਜ ਕਰਨ ਵਾਲੇ ਉਮੀਦਵਾਰ ਐਡਵੋਕੇਟ ਨਾਨਕ ਸਿੰਘ ਜੰਡੀ ਦੀ ਬਤੌਰ ਚੇਅਰਮੈਨ ਤੇ ਕੇਵਲ ਰਾਮ ਦੀ ਸੀਨੀਅਰ ਵਾਈਸ ਚੇਅਰਮੈਨ ਵਜੋਂ ਤਾਜਪੋਸ਼ੀ ਉਤਸ਼ਾਹ ਪੂਰਵਕ ਕਰਵਾਈ ਗਈ | ਇਸ ਮੌਕੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾਂ ਨੇ ਚੇਅਰਮੈਨ ਦੇ ਅਹੁਦੇ ਦੀ ਸਹੁੰ ਚੁੱਕੀ ਤੇ ਰਸਮੀ ਤੌਰ 'ਤੇ ਕੰਮਕਾਜ ਸੰਭਾਲ ਲਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਨਾਨਕ ਸਿੰਘ ਜੰਡੀ ਐਡਵੋਕੇਟ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਆਪਣੀ ਇਸ ਸ਼ਾਨਦਾਰ ਪ੍ਰਾਪਤੀ ਦੀ ਖੁਸ਼ੀ ਸਾਂਝੀ ਕਰਦਿਆਂ ਨਾਨਕ ਸਿੰਘ ਬਾਂਠ ਨੇ ਇਸ ਦਾ ਸਿਹਰਾ ਆਪਣੇ ਬਜ਼ੁਰਗਾਂ ਤੇ ਜ਼ੋਨ ਦੇ ਸੂਝਵਾਨ ਵੋਟਰਾਂ ਸਿਰ ਬੰਨਿ੍ਹਆ | ਆਪਣੇ ਪਰਿਵਾਰਕ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਭਾਵੁਕ ਹੋ ਕੇ ਕਿਹਾ, ਮੇਰੇ ਦਾਦਾ ਸਵ. ਚੌਧਰੀ ਕਿਸ਼ਨ ਚੰਦ ਬਾਂਠ ਨੇ ਪਿੰਡ ਜੰਡੀ ਟੰਡੋਹ ਦੀ ਸਾਂਝੀ ਪੰਚਾਇਤ ਸਮੇਂ ਲਗਾਤਾਰ 5 ਵਾਰ ਰਿਕਾਰਡ ਤੋੜ ਸਰਪੰਚ ਰਹਿ ਕੇ ਇਲਾਕੇ ਦੀ ਸੇਵਾ ਕੀਤੀ ਸੀ | ਇਸੇ ਤਰ੍ਹਾਂ ਮੇਰੇ ਤਾਇਆ ਸਵ. ਚੌਧਰੀ ਓਮ ਪ੍ਰਕਾਸ਼ ਬਾਂਠ, ਮੇਰੇ ਤਾਈ ਤੇ ਪਿਤਾ ਸਵ. ਰਾਮ ਪਾਲ ਬਾਂਠ ਉੱਘੇ ਸਮਾਜ ਸੇਵੀ ਅਤੇ ਠੇਕੇਦਾਰ ਨੇ ਹਮੇਸ਼ਾ ਇਲਾਕੇ ਦੀ ਨਿਰਸਵਾਰਥ ਸੇਵਾ ਕੀਤੀ ਹੈ | ਦੱਸਣਯੋਗ ਹੈ ਕਿ ਨਾਨਕ ਸਿੰਘ ਜੰਡੀ ਸਿਆਸੀ ਤੌਰ 'ਤੇ ਪ੍ਰਪੱਕ ਹੋਣ ਦੇ ਨਾਲ-ਨਾਲ ਉੱਚ ਵਿੱਦਿਆ ਪ੍ਰਾਪਤ ਨੌਜਵਾਨ ਆਗੂ ਹਨ, ਜਿਨ੍ਹਾਂ ਨੇ ਬੀ. ਟੈਕ ਤੇ ਐਲ. ਐਲ. ਬੀ. ਦੀਆਂ ਡਿਗਰੀਆਂ ਹਾਸਿਲ ਕੀਤੀਆਂ ਹੋਈਆਂ ਹਨ | ਸਮਾਗਮ ਦੇ ਅਖੀਰ ਵਿਚ ਚੇਅਰਮੈਨ ਨਾਨਕ ਸਿੰਘ ਜੰਡੀ ਨੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਪੰਚਾਂ-ਸਰਪੰਚਾਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰਨਗੇ ਤੇ ਹਲਕੇ ਦੇ ਵਿਕਾਸ ਲਈ ਦਿਨ-ਰਾਤ ਇਕ ਕਰ ਦੇਣਗੇ | ਇਸ ਮੌਕੇ ਮੋਹਣ ਲਾਲ ਸੰਧੂ ਬਲਾਕ ਕਾਂਗਰਸ ਪ੍ਰਧਾਨ, ਰਜਿੰਦਰ ਸਿੰਘ ਸ਼ਿੰਦੀ ਤਹਿਸੀਲ ਪ੍ਰਧਾਨ ਬਲਾਚੌਰ, ਹਰਜੀਤ ਸਿੰਘ ਜਾਡਲੀ ਚੇਅਰਮੈਨ, ਕੋ-ਓਪਰੇਟਿਵ ਬੈਂਕ ਨਵਾਂਸ਼ਹਿਰ ਕੇਵਲ ਰਾਮ ਬਲਾਕ ਸੰਮਤੀ ਮੈਂਬਰ ਪਿੰਡ ਬਣੇ ਤੋਂ, ਬਲਜਿੰਦਰ ਸਰਪੰਚ ਮਾਣੇਵਾਲ, ਹੇਮ ਰਾਜ ਕਾਕੂ ਮੰਗੂਪੁਰ, ਜਿੰਦਰ ਧੌਲ ਚੇਅਰਮੈਨ ਐਸ. ਸੀ. ਸੈੱਲ, ਤਿਲਕ ਰਾਜ ਸੂਦ ਬਲਾਕ ਪ੍ਰਧਾਨ, ਹਰਮੇਸ਼ ਲਾਲ ਸਰਪੰਚ ਉਧਨਵਾਲ, ਵਿਜੇ ਰਾਣਾ ਨਾਨੋਵਾਲ, ਤਰਸੇਮ ਚੰਦਿਆਣੀ, ਜੀਤ ਸਰਪੰਚ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |